ਸ੍ਰੀ ਮੁਕਤਸਰ ਸਾਹਿਬ: ਵਾਰਡ ਨੰਬਰ ਪੰਦਰਾਂ ਸਾਬਕਾ ਨਗਰ ਕੌਂਸਲਰ ਪਰਮਿੰਦਰ ਪਾਸ਼ਾ ਸਿਹਰਾ ਬੰਨ੍ਹ ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਕਰਨ ਕੌਰ ਬਰਾੜ ਖ਼ਿਲਾਫ਼ ਧਰਨਾ ਲਗਾਇਆ ਗਿਆ। ਉਨ੍ਹਾਂ ਕਰਨ ਕੌਰ ਬਰਾੜ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਕਾਂਗਰਸ ਦੀ ਹਲਕਾ ਇੰਚਾਰਜ ਵੱਲੋਂ ਮੇਰੇ ਵਾਰਡ ਵਿੱਚ ਕੰਮ ਰੁਕਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਨਗਰ ਕੌਂਸਲ ਦੀਆਂ ਚੋਣਾਂ ਜਿੱਤ ਕੇ ਵਾਰਡ ਨੰਬਰ ਪੰਦਰਾਂ ’ਚ ਅਕਾਲੀ ਦਲ ਤੋਂ ਮਨਜੀਤ ਕੌਰ ਪਾਸ਼ਾ ਨਵੀਂ ਕੌਂਸਲਰ ਬਣੀ ਹੈ। ਉਨ੍ਹਾਂ ਦੇ ਵਾਰਡ ’ਚ ਕੰਮ ਰੁਕਵਾਏ ਜਾਣ ਤੋਂ ਬਾਅਦ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਆਪਣੀ ਪਤਨੀ ਮਨਜੀਤ ਕੌਰ ਸਮੇਤ ਨਗਰ ਕੌਂਸਲ ਦੇ ਬਾਹਰ ਸਿਹਰਾ ਬੰਨ੍ਹ ਕੇ ਪਹੁੰਚ ਗਏ ਤੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਦਾ ਇਹ ਕਹਿਣਾ ਹੈ ਕਿ ਉਹ ਪਹਿਲਾਂ ਵੀ ਇਸ ਵਾਰਡ ਵਿੱਚ ਕੌਂਸਲਰ ਰਹਿ ਚੁੱਕੇ ਹਨ ਨਗਰ ਕੌਂਸਲ ਚੋਣਾਂ ’ਚ ਕਰਾਰੀ ਹਾਰ ਮਗਰੋਂ ਕਾਂਗਰਸ ਵਾਲੇ ਬੁਖਲਾਏ ਹੋਏ ਹਨ। ਉਨ੍ਹਾਂ ਕਿਹਾ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਕਾਂਗਰਸ ਆਗੂ ਵਿਕਾਸ ਕਾਰਜਾਂ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਵਾਰਡ ਨੰ. 15 ’ਚ ਵਿਕਾਸ ਕਾਰਜ ਕਰਵਾ ਰਹੇ ਸਨ ਤਾਂ ਇਸ ਦੌਰਾਨ ਕਾਂਗਰਸ ਦੇ ਆਗੂਆਂ ਨੇ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵਾਰਡ ’ਚ ਕੰਮ ਰੁਕ ਗਿਆ।
ਇਸ ਮੌਕੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਦੱਸਿਆ ਕਿ ਕੰਮ ਸਬੰਧੀ ਟੈਂਡਰ ਪਾਸ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਵਾਰਡ ਦੀਆਂ ਗਲੀਆਂ ਨਹੀਂ ਬਣਾਈਆਂ ਗਈਆਂ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸੋਮਵਾਰ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਨਗਰ ਕੌਂਸਲ ਦਫ਼ਤਰ ਅੱਗੇ ਸਿਹਰਾ ਬੰਨ੍ਹ ਕੇ ਲੜੀਵਾਰ ਭੁੱਖ ਹੜਤਾਲ ’ਤੇ ਬੈਠ ਜਾਣਗੇ।