ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਤੇ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀ ਵਸਤੂਆਂ ਮੁਹੱਈਆ ਕਰਵਾ ਰਿਹਾ ਹੈ।
ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਨੇ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਨੂੰ ਪਹੁੰਚਾਏ ਜਾਣ ਵਾਲੀ ਰਾਸ਼ਨ ਸਮਾਗਰੀ ਦੇ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਅਰੁਣ ਕੁਮਾਰ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਫਿਊ ਦੇ ਦੌਰਾਨ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਨਜਿਠਣ ਲਈ ਲਗਾਏ ਗਏ ਕਰਫਿਊ ਦੌਰਾਨ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨੂੰ ਡੋਰ-ਟੂ-ਡੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਭੁਖਾ ਨਹੀ ਰਹਿਣ ਦਿੱਤਾ ਜਾਵੇਗਾ।
ਆਈਜੀ ਨੇ ਕਿਹਾ ਜੇਕਰ ਕਿਤੇ ਵੀ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇਣ ਤੇ ਜਲਦ ਹੀ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆਂ ਜਿਲ੍ਹਾ ਪੁਲਿਸ ਵੱਲੋਂ ਲੋੜਵੰਦ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ।
ਲਿਸਟ ਦੇ ਮੁਤਾਬਕ ਮੁਕਤਸਰ ਸਾਹਿਬ 'ਚ ਤਕਰੀਬਨ 6955 ਪਰਿਵਾਰ ਲੋੜਵੰਦ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੁੱਕਾ ਰਾਸ਼ਨ ਤੇ ਹੋਰਨਾਂ ਲੋੜਵੰਦ ਵਸਤੂਆਂ ਹਰ ਹਫ਼ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਤਿੰਨ ਸਮੇਂ ਲੰਗਰ ਤਿਆਰ ਕਰਵਾ ਕੇ ਜ਼ਰੂਰਤਮੰਦ ਤੇ ਗਰੀਬ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ।
ਹੋਰ ਪੜ੍ਹੋ :ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ
ਆਈਜੀ ਨੇ ਅਰੁਣ ਕੁਮਾਰ ਮਿੱਤਲ ਨੇ ਲੋਕਾਂ ਨੂੰ ਕਰਫਿਊ ਤੇ ਸਿਹਤ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਲੋਕਾਂ ਨੂੰ ਘਰ 'ਚ ਰਹਿ ਕੇ ਕੋਰੋਨਾ ਵਾਇਰਸ ਵਿਰੁੱਧ ਜਾਰੀ ਲੜਾਈ 'ਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।