ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੀ ਜੋਧੂ ਕਾਲੋਨੀ ਵਾਸੀ ਇੱਕ ਵਿਅਕਤੀ ਜੋਂ ਕਿ ਇੱਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ ਨੇ ਬੀਤੀ 17-18 ਫਰਵਰੀ ਦੀ ਦਰਮਿਆਨੀ ਰਾਤ ਬੱਚਿਆਂ ਸਮੇਤ ਜਹਿਰੀਲੀ ਵਸਤੂ ਨਿਗਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਅੱਜ ਗੰਭੀਰ ਹਾਲਤ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰ ਅਨੁਸਾਰ ਇਨ੍ਹਾਂ ਤਿੰਨਾਂ ਨੇ ਹੀ ਕੋਈ ਜਹਿਰੀਲੀ ਵਸਤੂ ਨਿਗਲੀ ਹੋਈ ਸੀ।
ਗੰਭੀਰ ਹਾਲਤ ਨੂੰ ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ ਤਾਨੀਆ (7) ਦੀ ਮੌਤ ਹੋ ਗਈ, ਜਦਕਿ ਗੰਭੀਰ ਹਾਲਤ ਵਿਚ ਇਲਾਜ ਅਧੀਨ ਨਵੀਨ ਭੋਲਾ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਅਜ ਮੌਤ ਹੋ ਗਈ, ਜਦਕਿ ਬੇਟਾ ਕਬੀਰ ਇਲਾਜ ਅਧੀਨ ਹੈ। ਉਧਰ ਪੁਲਿਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪ੍ਰਿਯੰਕਾ ਤੇ ਆਈਪੀਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਹਿਰੀਲੀ ਚੀਜ ਨਿਗਲਣ ਤੋਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਮੋਬਾਇਲ ਤੇ ਇੱਕ ਵੀਡੀਓ ਬਣਾਈ ਜਿਸ ਵਿਚ ਉਸਨੇ ਇੱਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸਦੀ ਪਤਨੀ ਦੀ ਪਹਿਲਾਂ ਇਤਰਾਜਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੂੰ ਇੰਟਰਨੈਟ ਤੇ ਪਾਉਣ ਦੀ ਧਮਕੀ ਦੇ ਉਸ ਨੂੰ ਬਲੈਕਮੇਲ ਕਰਦੇ ਸਨ ।