ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਅਕਾਲੀ ਜਰਨੈਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਢਿੱਲੋਂ ਨੇ ਦੱਸਿਆ ਕਿਸਰਕਾਰੀ ਨਿਯਮਾਂ ਅਨੁਸਾਰ ਕਿਸੇ ਵੀ ਅਨਾਜ ਮੰਡੀ/ਖਰੀਦ ਕੇਂਦਰ ਨੂੰ 8 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਸ਼ੈਲਰਾਂ ਨਾਲ ਲਿੰਕ ਕਰਨਾ ਹੁੰਦਾ ਹੈ।
ਜੇਕਰ ਇਸ ਤੋਂ ਵੱਧ ਦੂਰੀ 'ਤੇ ਕਿਸੇ ਸ਼ੈਲਰ ਮਾਲਕ ਨੇ ਝੋਨਾ ਲੈ ਕੇ ਜਾਣਾ ਹੋਵੇ ਤਾਂ ਕਾਨੂੰਨ ਅਨੁਸਾਰ ਉਸ ਨੂੰ 8 ਕਿਲੋਮੀਟਰ ਦੀ ਦੂਰੀ ਤੋਂ ਵੱਧ ਦੇ ਪੈਸੇ ਸਰਕਾਰ ਕੋਲ ਪਹਿਲਾਂ ਜਮ੍ਹਾ ਕਰਵਾਉਣੇ ਪੈਂਦੇ ਹਨ, ਪਰ ਵਿਧਾਇਕ ਰਾਜਾ ਵੜਿੰਗ ਦੇ ਰਿਸ਼ਤੇਦਾਰ ਡੰਪੀ ਵਿਨਾਇਕ ਤੇ ਉਸ ਦੀ ਅਗਵਾਈ ਹੇਠਲੇ ਸ਼ੈਲਰ ਮਾਫ਼ੀਏ ਨੂੰ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਲਈ ਸਰਕਾਰੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ 13 ਤੋਂ ਲੈ ਕੇ 35 ਕਿਲੋਮੀਟਰ ਦੇ ਲਗਭਗ ਦੂਰੀ ਵਾਲੇ ਸ਼ੈਲਰਾਂ ਨੂੰ ਲਿੰਕ ਕੀਤਾ ਗਿਆ ਹੈ।
ਇਸ ਸੰਬੰਧੀ ਬਣਦੀ ਸਰਕਾਰੀ ਰਕਮ ਦਾ ਇੱਕ ਪੈਸਾ ਵੀ ਸਰਕਾਰ ਕੋਲ ਜਮ੍ਹਾ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਸ਼ੈਲਰਾਂ ਤੋਂ ਉਕਤ ਸ਼ੈਲਰ ਮਾਲਕਾਂ ਨੇ ਕਿਸਾਨਾਂ ਦੀ ਫਸਲ ਘੱਟ ਰੇਟਾਂ 'ਤੇ ਖਰੀਦੀ ਕਿਉਂਕਿ ਝੋਨੇ ਵਿੱਚ ਨਮੀ ਦੀ ਵੱਧ ਮਾਤਰਾ ਵਿਖਾਈ ਗਈ, ਜਿਸ ਨਾਲ ਕਿਸਾਨਾਂ ਦਾ ਵੀ ਆਰਥਿਕ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਸ ਮਾਮਲੇ ਤੇ ਮਿੱਟੀ ਦੇ ਤੇਲ ਮਾਮਲੇ ਵਿੱਚ ਘਪਲੇ ਦੀ ਜਾਂਚ ਦੇ ਹੁਕਮ ਨਾ ਦਿੱਤੇ ਗਏ ਤਾਂ ਉਹ ਸਮਝਣਗੇ ਕਿ ਉਹ ਵੀ ਇਸ ਘਪਲੇ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਉਨ੍ਹਾਂ ਕਿਹਾ ਕਿ ਉਹ ਮਿੱਟੀ ਦੇ ਤੇਲ ਅਤੇ ਲਿੰਕੇਜ਼ ਮਾਮਲੇ ਵਿੱਚ ਘਪਲੇ ਦੀ ਜਾਂਚ ਲਈ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣਗੇ। ਜਦੋਂ ਇਸ ਸੰਬੰਧੀ ਜ਼ਿਲ੍ਹਾ ਫੂਡ ਕੰਟਰੋਲਰ ਦੀਵਾਨ ਚੰਦ ਸ਼ਰਮਾ ਨਾਲ ਫ਼ੋਨ ਰਾਹੀਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾਂ ਕਾਨੂੰਨ ਅਨੁਸਾਰ ਹੀ ਲਿੰਕੇਜ਼ ਕੀਤੀ ਹੈ ਤੇ ਝੋਨੇ ਵਿੱਚ ਮੰਡੀਆ ਦੀ ਕਮੀ ਹੋਣ ਕਾਰਨ ਦੂਰ ਦੀਆਂ ਮੰਡੀਆਂ ਵਿੱਚ ਝੋਨਾ ਚੁਕਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਅਕਾਲੀ ਦਲ ਵੱਲੋਂ ਅੱਜ ਰੱਖੀ ਗਈ ਪ੍ਰੈੱਸ ਕਾਨਫਰੰਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ, ਐਡਵੋਕੇਟ ਗੁਰਮੀਤ ਸਿੰਘ ਮਾਨ, ਹਰਜੀਤ ਸਿੰਘ ਨੀਲਾ ਮਾਨ, ਸੰਨੀ ਢਿੱਲੋਂ, ਜਗਤਾਰ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਸਮੇਤ ਸਮੁੱਚੇ ਵਿਧਾਨਸਭਾ ਹਲਕਾ ਗਿੱਦੜਬਾਹਾ ਦੀ ਅਕਾਲੀ ਲੀਡਰਸ਼ਿਪ ਮੌਜੂਦ ਸਨ।