ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਕੋਲਿਆਂਵਾਲੀ ਵਿਖੇ ਪਾਣੀ ਦੀ ਵਾਰੀ ਅਤੇ ਪਾਣੀ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਤਲਖੀ ਇੰਨੀ ਵਧ ਗਈ ਕਿ ਆਹਮੋ-ਸਾਹਮਣੇ ਖੜੀਆਂ ਦੋਨਾਂ ਧਿਰਾਂ ਵਿੱਚੋਂ ਇੱਕ ਧਿਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਨਾਲ ਦੂਜੀ ਧਿਰ ਦੇ ਛੇ ਵਿਅਕਤੀ ਜਖਮੀ ਹੋ ਗਏ। ਜਖਮੀਆਂ ਦੀ ਪਛਾਣ ਮਹਾਂਵੀਰ ਸਿੰਘ, ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਵੋੱਜੋਂ ਹੋਈ ਹੈ।
ਇਹ ਵੀ ਪੜੋ: ਮੈਡੀਕਲ ਸਟੋਰ ਉੱਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਘਟਨਾ ਸੀਸੀਟੀਵੀ ਵਿੱਚ ਕੈਦ
ਪੀੜਤ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਕੁਲਦੀਪ ਸਿੰਘ ਨੇ ਪਿੰਡ ਕੋਲਿਆਂਵਾਲੀ ਵਿਖੇ ਜ਼ਮੀਨ ਮੁੱਲ ਲਈ ਹੈ, ਜਿਸਨੂੰ ਅਬੁੱਲਖੁਰਾਣਾ ਮਾਇਨਰ ਵਿੱਚੋਂ ਪਾਣੀ ਲੱਗਦਾ ਹੈ, ਪਰ ਉਸਨੇ ਆਪਣਾ ਰਸੂਖ ਵਰਤ ਕੇ ਪਾਣੀ ਸੁਖਚੈਨ ਮਾਇਨਰ ਵਿੱਚੋਂ ਕਰਵਾ ਲਿਆ ਤੇ ਪਾਣੀ ਲਾਉਣ ਲਈ ਕੁਲਦੀਪ ਸਿੰਘ ਨੇ ਪਾਇਪ ਲਾਇਨ ਪਾਈ ਸੀ ਤਾਂ ਕਿ ਪੱਖਿਆ ਨਾਲ ਪਾਣੀ ਚੁੱਕ ਕੇ ਅੱਗੇ ਲੈ ਜਾਵੇਗਾ। ਉਹਨਾਂ ਕਿਹਾ ਕਿ ਜਦ ਅੱਗੇ ਖਾਲ ਹੀ ਨਹੀਂ ਤਾਂ ਪਾਣੀ ਕਿਵੇਂ ਲਿਜਾ ਸਕਦਾ ਹੈ।
ਉਹਨਾਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਨੇ ਵਾਰੀ ਸੁਖਚੈਨ ਮਾਇਨਰ ਵਿੱਚੋਂ ਬੰਨੀ ਹੈ ਤਾਂ ਖਾਲ ਵੀ ਹੋਣਾ ਚਾਹੀਦਾ ਹੈ, ਪਰ ਮੌਕੇੇ ਉੱਤੇ ਖਾਲ ਨਹੀਂ ਹੈ, ਇਸ ਗੱਲ ਉੱਤੇ ਉਹਨਾਂ ਨੂੰ ਇਤਰਾਜ ਸੀ, ਪੀੜਤਾ ਨੇ ਕਿਹਾ ਕਿ ਉਹਨਾਂ ਦਾ ਅਸਲਾ ਪਹਿਲਾਂ ਹੀ ਕਬਰਵਾਲਾ ਪੁਲਿਸ ਨੇ ਜਮਾਂ ਕਰਵਾਇਆ ਹੋਇਆ ਹੈ। ਅੱਜ ਦੋਨੇਂ ਧਿਰਾਂ ਜਦ ਆਹਮੋ-ਸਾਹਮਣੇ ਹੋਈਆਂ ਤਾਂ ਪਹਿਲਾਂ ਹੀ ਹਥਿਆਰਾਂ ਨਾਲ ਲੈਸ ਕੁਲਦੀਪ ਸਿੰਘ ਵਾਲੇ ਪਾਸਿਓਂ ਤੇਜੀ ਨਾਲ ਕਰੀਬ 8-10 ਗੋਲੀਆਂ ਚਲਾਈਆਂ ਗਈਆਂ ਜੋ ਦੂਜੀ ਧਿਰ ਦੇ 6 ਬੰਦਿਆਂ ਦੇ ਲੱਗੀਆਂ।
ਉਧਰ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਅਨੁਸਾਰ ਹੀ ਸਾਰੀ ਕਾਰਵਾਈ ਕਰ ਰਹੇ ਹਨ, ਪਰ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਜਾਨ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਵੀ ਤਲਖ ਵਿਵਹਾਰ ਕੀਤਾ। ਜਦੋਂ ਇਸ ਬਾਬਤ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਰੂਰੀ ਟੈਸਟ ਕਰਾਉਣ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿਸ ਚੀਜ਼ ਨਾਲ ਜਖਮ ਹੋਏ ਹਨ। ਕਬਰਵਾਲਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਫਾਇਰਿੰਗ ਦੇ ਮਾਮਲੇ ਵਿੱਚ ਡਾਕਟਰੀ ਰਿਪੋਰਟ ਆਉਦਿਆਂ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।