ਸ੍ਰੀ ਮੁਕਤਸਰ ਸਾਹਿਬ: ਪਿੰਡ ਗੁਰੂਸਰ ਦੇ ਵਾਸੀਆਂ ਤੇ ਕਿਸਾਨ ਮਜ਼ਦੂਰ ਸੰਗਠਨਾਂ ਨਾਲ ਸਬੰਧਤ ਵਿਅਕਤੀਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿੰਡ ਦੇ ਬਾਹਰ ਸਟਿੱਕਰ ਲਗਾ ਕੇ ਬਕਾਇਦਾ ਲਿਖਿਆ ਹੋਇਆ ਹੈ ਕਿ ਕੋਈ ਵੀ ਸਿਆਸੀ ਆਗੂ ਪਿੰਡ ਵਿੱਚ ਨਾ ਆਵੇ ਪਰ ਇਸ ਦੇ ਬਾਵਜੂਦ ਵੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇਸ ਪਿੰਡ ਵਿੱਚ ਪਹੁੰਚੇ ਤਾਂ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਦੂਜੇ ਪਾਸੇ ਆਪਣੇ 'ਚੇ ਹੋਏ ਵਿਰੋਧ ਤੋਂ ਬੌਖਲਾਏ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਦੇਰ ਸ਼ਾਮ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨ-ਮਜ਼ਦੂਰਾਂ ਦੇ ਸੰਗਠਨ ਨੂੰ ਸ਼ਰਾਰਤੀ ਅਨਸਰ ਦੱਸਿਆ।
ਇਸ ਸਬੰਧੀ ਜਾਰੀ ਕੀਤੀ ਕ੍ਰਾਈਮ ਰਿਪੋਰਟ ਮੁਤਾਬਕ ਪਿੰਡ ਗੁਰੂਸਰ 'ਚ ਹੋਏ ਇਸ ਵਿਰੋਧ ਪ੍ਰਦਰਸ਼ਨ ਦੀ ਘਟਨਾ ਦੇ ਮਾਮਲੇ ਨੂੰ ਲੈ ਕੇ ਗਿੱਦੜਬਾਹਾ ਦੀ ਪੁਲਿਸ ਨੇ ਵਿਰੋਧ ਕਰਨ ਵਾਲੇ 15-20 ਅਣਪਛਾਤਿਆਂ ਸਮੇਤ ਪ੍ਰੈਸ ਕਵਰੇਜ ਕਰਨ ਵਾਲੇ ਪੱਤਰਕਾਰ ਦੇ ਖਿਲਾਫ਼ ਵੀ ਵੱਖ-ਵੱਖ ਅਪਰਾਧਕ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਜੇਕਰ ਦੇਖਿਆ ਜਾਵੇ ਤਾਂ ਕਿਸਾਨ ਸੰਘਰਸ਼ ਦੇ ਖਿਲਾਫ਼ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਦਰਜ ਕੀਤੀ ਗਈ ਇਹ ਪਹਿਲੀ ਐਫ਼ਆਈਆਰ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਕਟਹਿਰੇ ਵਿੱਚ ਹੈ। ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਰਾਤ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਸ਼ਰਾਰਤੀ ਅਨਸਰ ਹੀ ਦੱਸਿਆ ਸੀ। ਇਸ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਕਾਂਗਰਸ ਅਤੇ ਇਸ ਦੇ ਵਿਧਾਇਕ ਆਖ਼ਰ ਕਿਸ ਨੂੰ ਕਿਸਾਨ ਮੰਨਦੇ ਹਨ ?
ਜਦੋਂ ਕਿ ਜਿਸ ਵਿਅਕਤੀ ਰਣਜੀਤ ਸਿੰਘ ਪੁੱਤਰ ਵੀਰ ਸਿੰਘ ਜੋ ਛੋਟਾ ਕਿਸਾਨ ਹੈ ਅਤੇ 15 ਤੋਂ 20 ਅਣਪਛਾਤੇ ਜਿਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ ਉਹ ਉਹ ਸਾਰੇ ਕਿਸਾਨੀ ਅਤੇ ਖੇਤ-ਮਜ਼ਦੂਰਾਂ ਨਾਲ ਸਬੰਧਤ ਲੋਕ ਹਨ ਤਾਂ ਕੀ ਇਹ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਕੋਈ ਸਿਆਸੀ ਦਾਅ-ਪੇਚ ਤਾਂ ਨਹੀਂ ?