ਸ੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਬਧਾਈ ਵਿਖੇ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਪੋਕਲੇਨ ਮਸ਼ੀਨਾਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ। ਪਰੰਤੂ ਜਦੋਂ ਮਾਮਲੇ ਉਪਰ ਜ਼ਿਲ੍ਹਾ ਪੁਲਿਸ ਮੁਖੀ ਡੀ. ਸੁਡਰਵਿਜ਼ੀ ਨੂੰ ਕਾਰਵਾਈ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਇਹ ਕਹਿਣਾ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਤੋਂ ਜਾਇਜ਼ ਅਤੇ ਨਾਜਾਇਜ਼ ਹੋਣ ਬਾਰੇ ਵੈਰੀਫ਼ਾਈ ਕੀਤਾ ਜਾ ਰਿਹਾ ਹੈ, ਜੋ ਕਿ ਆਪਣੇ-ਆਪ ਵਿੱਚ ਕਈ ਸਵਾਲ ਖੜੇ ਕਰਦਾ ਹੈ ਕਿ ਕੀ ਇੱਕ ਆਈਪੀਐਸ ਅਧਿਕਾਰੀ ਨੂੰ ਮਾਈਨਿੰਗ ਐਕਟ ਜਾਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਲਈ ਮਾਈਨਿੰਗ ਵਿਭਾਗ ਤੋਂ ਪੁੱਛਣਾ ਪਵੇਗਾ?
ਐਸਐਸਪੀ ਦਾ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਹ ਜਵਾਬ ਉਨ੍ਹਾਂ ਦੀ ਜਾਣਕਾਰੀ ਉਪਰ ਕਈ ਸਵਾਲ ਕਰਦਾ ਹੈ ਕਿ "ਕੀ ਇੱਕ ਆਈਪੀਐਸ ਅਧਿਕਾਰੀ ਨੂੰ ਇਹ ਨਹੀਂ ਪਤਾ ਕਿ ਪੋਕਲੇਨ ਮਸ਼ੀਨਾਂ ਨਾਲ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨਾ ਵੱਡਾ ਅਪਰਾਧ ਹੈ ?"
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਚੱਕ ਬਧਾਈ ਵਿਖੇ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਰੇਤ ਦੇ ਭਰੇ ਓਵਰਲੋਡ ਟਰਾਲੇ ਸੜਕਾਂ 'ਤੇ ਇਥੋਂ ਮੌਤ ਦਾ ਸਾਮਨ ਬਣ ਕੇ ਘੁੰਮਦੇ ਆਮ ਵਿਖਾਈ ਦੇ ਰਹੇ ਹਨ। ਕਈ ਵਾਰੀ ਇਹ ਬਿਨਾਂ ਰੋਕ ਟੋਕ ਪੁਲਿਸ ਨਾਕਿਆਂ ਨੂੰ ਵੀ ਪਾਰ ਕਰਦੇ ਹਨ।
ਇਸਦੇ ਨਾਲ ਹੀ ਟਰੈਕਟਰ-ਟਰਾਲੀਆਂ ਰਾਹੀਂ ਢੋਆ-ਢੋਆਈ ਵੀ ਕੀਤੀ ਜਾ ਰਹੀ ਹੈ, ਭਾਵੇਂ ਕਿ ਕਾਨੂੰਨ ਤਹਿਤ ਵਪਾਰਕ ਰੇਤ ਦੀ ਢੋਆ-ਢੁਆਈ ਲਈ ਟ੍ਰੈਕਟਰਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਪਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਸ੍ਰੀ ਮੁਕਤਸਰ ਸਾਹਿਬ ਦੀ ਐਸਐਸਪੀ ਡੀ. ਸੁਡਰਵਿਜ਼ੀ ਨੂੰ ਕਾਰਵਾਈ ਲਈ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਹ ਓਵਰਲੋਡਿੰਗ ਦਾ ਜੋ ਮਾਮਲਾ ਹੈ ਅਤੇ ਉਹ ਕਾਰਵਾਈ ਜ਼ਰੂਰ ਕਰਨਗੇ। ਬਾਕੀ ਰਹੀ ਗੱਲ ਮਾਈਨਿੰਗ ਬਾਰੇ ਉਹ ਜਿਹੜੀ ਸ਼ਿਕਾਇਤ ਮਿਲੀ ਹੈ ਉਨ੍ਹਾਂ ਨੇ ਆਪਣੇ ਵੱਲੋਂ ਮਾਈਨਿੰਗ ਵਿਭਾਗ ਨੂੰ ਭੇਜ ਦਿੱਤੀ ਹੈ ਅਤੇ ਇਸਦੇ ਜਾਇਜ਼ ਹੈ ਜਾਂ ਨਾਜਾਇਜ਼ ਹੋਣ ਬਾਰੇ ਰਿਪੋਰਟ ਮੰਗੀ ਗਈ ਹੈ। ਇਸਤੋਂ ਪਹਿਲਾਂ ਵੀ ਉਹ ਮਾਈਨਿੰਗ ਵਿਭਾਗ ਨੂੰ ਕਈ ਵਾਰੀ ਚਿੱਠੀ ਲਿਖੀ ਗਈ ਹੈ।