ਸ੍ਰੀ ਮੁਕਤਸਰ ਸਾਹਿਬ: ਅਨਲੌਕ ਸ਼ੁਰੂ ਹੋਣ ਮਗਰੋਂ ਪੰਜਾਬ 'ਚ ਲਗਾਤਾਰ ਅਪਰਾਧਕ ਮਾਮਲੇ ਵਧਦੇ ਜਾ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨੂੰਨ ਵਿਵਸਥਾ ਵਿਗੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਤੋਂ ਬੇਖੌਫ਼ ਅਪਰਾਧੀ ਲਗਾਤਾਰ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸ਼ਹਿਰ 'ਚ ਇੱਕੋ ਦਿਨ 'ਚ 2 ਵੱਡੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਇੱਕ ਨਬਾਲਗ ਬੱਚੇ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਤੇ ਦੂਜੀ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਨੌਜਵਾਨ ਨੂੰ ਲੁੱਟੇ ਜਾਣ ਦੀ ਘਟਨਾ ਸਾਮਹਣੇ ਆਈ ਹੈ।
ਪਹਿਲੇ ਮਾਮਲੇ 'ਚ ਬੀਤੀ ਸ਼ਾਮ 5:30 ਵਜੇ ਥਾਣਾ ਸਦਰ ਅਧੀਨ ਆਉਂਦੇ ਖੇਤਰ 'ਚ ਕੁਝ ਅਣਪਛਾਤੇ ਕਿਡਨੈਪਰਜ਼ ਨੇ ਇੱਕ ਨਾਬਾਲਗ ਬੱਚੇ ਨੂੰ ਜਬਰਨ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਬਚਾ ਲਿਆ ਗਿਆ। ਇਸ ਘਟਨਾ ਦੇ ਵਾਪਰਨ 'ਤੇ ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਪੁਲਿਸ 'ਚ ਸ਼ਿਕਾਇਤ ਇਸ ਲਈ ਨਹੀਂ ਕੀਤੀ ਕਿ ਜੇਕਰ ਉਹ ਸ਼ਿਕਾਇਤ ਕਰਦੇ ਹਨ ਤਾਂ ਸਾਰੇ ਪਰਿਵਾਰ ਦੀ ਖੱਜਲ-ਖੁਆਰੀ ਹੋਣਾ ਤੈਅ ਹੈ। ਹੁਣ ਉਨ੍ਹਾਂ ਦਾ ਬੱਚਾ ਸੁਰੱਖਿਤ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਸਬੰਧੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਸੀ। ਇਸ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਨਹੀਂ ਕੀਤੀ। ਦੂਜੇ ਪਾਸੇ ਜਦ ਈਟੀਵੀ ਭਾਰਤ ਦੇ ਪੱਤਰਕਾਰ ਨੇ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਫੋਨ 'ਤੇ ਬਿਨਾਂ ਕੁਝ ਜਾਣੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ।
ਦੂਜੇ ਮਾਮਲੇ ਵਿਚ ਥਾਣਾ ਸਿਟੀ ਦੇ ਅਧੀਨ ਪੈਂਦੇ ਨਾਰੰਗ ਕਲੋਨੀ ਇਲਾਕੇ 'ਚ ਅਣਪਛਾਤੇ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਲੁੱਟ ਕੀਤੀ। ਜ਼ਖਮੀ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਸੋਨੂੰ ਵਜੋਂ ਹੋਈ ਹੈ। ਜਸਪਾਲ ਨੇ ਦੱਸਿਆ ਕਿ ਉਹ ਸਰਵਿਸ ਸਟੇਸ਼ਨ ਚਲਾਉਂਦਾ ਹੈ। ਸ਼ਾਮ ਦੇ ਸਮੇਂ ਜਦ ਉਹ ਦੁਕਾਨ ਬੰਦ ਘਰ ਪਰਤ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਆਏ ਕੁਝ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਰਸਤੇ 'ਚ ਘੇਰ ਲਿਆ ਤੇ ਪੈਸਿਆਂ ਦੀ ਮੰਗ ਕੀਤੀ। ਜਦ ਜਸਪਾਲ ਨੇ ਲੁਟੇਰਿਆਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ। ਹਸਪਤਾਲ ਵੱਲੋਂ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਈ ਘੰਟੇ ਬੀਤ ਜਾਣ ਮਗਰੋਂ ਵੀ ਪੁਲਿਸ ਦੀ ਕਾਰਵਾਈ ਬੇਹੱਦ ਢਿੱਲੀ ਨਜ਼ਰ ਆਈ।
ਇਨ੍ਹਾਂ ਦੋਹਾਂ ਮਾਮਲਿਆ ਨੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਨ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਥੇ ਇੱਕ ਪਾਸੇ ਨਬਾਲਿਗ ਦੇ ਅਗ਼ਵਾ ਮਾਮਲੇ 'ਚ ਲੋਕ ਪੁਲਿਸ ਕੋਲ ਜਾਣ ਤੋਂ ਘਬਰਾਉਂਦੇ ਨਜ਼ਰ ਆਏ, ਉਥੇ ਹੀ ਲੁੱਟ ਦੇ ਮਾਮਲੇ 'ਚ ਹਸਪਤਾਲ ਵੱਲੋਂ ਤੁਰੰਤ ਸੂਚਨਾ ਦੇਣ ਮਗਰੋਂ ਵੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।