ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਮੁਤਾਬਕ ਕੋਵਿਡ-19 ਦੀ ਵੈਕਸੀਨੇਸ਼ਨ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫਸਰ, ਦੋਦਾ ਨੇ ਵੈਕਸੀਨੇਸ਼ਨ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਵੈਕਸੀਨੇਸ਼ਨ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਂਗਣਵਾੜੀ ਵਰਕਰਾਂ ਦੇ ਲਗਾਈ ਜਾ ਰਹੀ ਹੈ।
ਅਗਲੇ ਪੜਾਅ ਵਿੱਚ ਇਹ ਵੈਕਸੀਨੇਸ਼ਨ 60 ਸਾਲ ਤੋਂ ਉਪਰ ਦੇ ਵਿਅਕਤੀਆਂ ਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਉਪਰੰਤ ਐਸ. ਡੀ. ਐਮ., ਗਿੱਦੜਬਾਹਾ ਓਮ ਪ੍ਰਕਾਸ਼ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਵੈਕਸੀਨੇਸ਼ਨ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਕਿ 1 ਮਾਰਚ ਤੋਂ ਸ਼ੁਰੂ ਹੋ ਰਹੇ 60 ਸਾਲ ਤੋਂ ਉਪਰ ਵਿਅਕਤੀਆਂ ਦੇ ਵੈਕਸੀਨੇਸ਼ਨ ਦੀ ਮੁਹਿੰਮ ਵਿੱਚ ਵੱਧ ਤੋਂ ਵੱਧ ਬਜ਼ੁਰਗ ਇਹ ਵੈਕਸੀਨੇਸ਼ਨ ਕਰਵਾ ਸਕਣ। ਇਹ ਪ੍ਰਚਾਰ ਆਂਗਣਵਾੜੀ ਵਰਕਰਾਂ, ਪੰਚਾਇਤ ਸਕੱਤਰਾਂ ਅਤੇ ਜੀ.ਓ.ਜੀ. ਰਾਹੀ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਹੁਣ ਕੋਵਿਡ-19 ਦੇ ਕੇਸ ਦੁਬਾਰਾ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਲਈ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਮੁੜ ਤੋਂ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਇਸ ਮੰਤਵ ਲਈ ਹਰੇਕ ਵਿਅਕਤੀ ਵੱਲੋਂ ਮਾਸਕ ਲਗਾਇਆ ਜਾਵੇ। ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਿਆ ਜਾਵੇ। ਸਮਾਜਿਕ ਦੂਰੀ ਵੀ ਬਣਾਈ ਜਾਵੇ।
ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਖਾਸਤੌਰ ਤੇ ਆਦੇਸ਼ ਦਿੱਤੇ ਗਏ ਕਿ ਉਹ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰਨ ਕਿ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਮਾਸਕ ਪਾ ਕੇ ਸਕੂਲ ਆਉਣ ਅਤੇ ਇਸਨੂੰ ਜਰੂਰੀ ਬਣਾਇਆ ਜਾਵੇ। ਇਸ ਤੋਂ ਇਲਾਵਾ ਕਰੋਨਾ ਦੇ ਟੈਸਟ ਵੀ ਵੱਧ ਤੋਂ ਵੱਧ ਕਰਵਾਏ ਜਾਣ।