ਨਵਾਂ ਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਤਿੰਨ ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕੋਵਿਡ-19 ਦੇ ਲਗਾਤਾਰ ਦੂਸਰੀ ਵਾਰ ਕਰਵਾਏ ਗਏ ਟੈਸਟ ਨੈਗੇਟਿਵ ਆਏ ਹਨ। ਹੁਣ ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਦੇ ਚੁੱਕੇ ਮਰੀਜ਼ਾਂ ਦੀ ਗਿਣਤੀ 13 ’ਤੇ ਪੁੱਜ ਗਈ ਹੈ।
ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਨਾਲ ਬਾਕੀ ਰਹਿ ਗਏ 5 ਮਰੀਜ਼ਾਂ ’ਚੋਂ ਤਿੰਨ ਹੋਰਾਂ ਦੇ ਵੀ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ, ਪਹਿਲੀ ਵਾਰ ਕਰਵਾਏ ਗਏ ਟੈਸਟ ਨੈਗੇਟਿਵ ਆਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਸਿਹਤਯਾਬ ਹੋਏ ਤਿੰਨ ਮਰੀਜ਼ਾਂ ’ਚੋਂ ਦੋ ਸਵਰਗੀ ਬਲਦੇਵ ਸਿੰਘ ਦੇ ਪੁੱਤਰ ਅਤੇ ਇੱਕ ਨੂੰਹ ਹੈ। ਇਸ ਤੋਂ ਪਹਿਲਾਂ ਠੀਕ ਹੋ ਚੁੱਕੇ 10 ਮਰੀਜ਼ਾਂ ’ਚ ਇੱਕ ਸਵ. ਬਲਦੇਵ ਸਿੰਘ ਦਾ ਪੁੱਤਰ, ਤਿੰਨ ਪੋਤੀਆਂ, ਇੱਕ ਪੋਤਾ ਤੇ ਇੱਕ ਦੋਹਤਾ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਸਿਹਤਯਾਬ ਹੋਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਰਪੰਚ ਹਰਪਾਲ ਸਿੰਘ ਪਠਲਾਵਾ ਵੀ ਇਨ੍ਹਾਂ ਦਸਾਂ ’ਚ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਆਪਣੇ ਘਰਾਂ ’ਚ ਹੀ ਬੈਠਣ ਅਤੇ ਵਿਸਾਖੀ ਦੀਆਂ ਖੁਸ਼ੀਆਂ ਆਪਣੇ ਪਰਿਵਾਰ ਨਾਲ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਫ਼ੈਲਾਅ ’ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਹੈ ਅਤੇ ਹਰ ਇੱਕ ਜ਼ਿਲ੍ਹਾ ਵਾਸੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਸ਼ਾਸਨ ਦੇ ਇਨ੍ਹਾਂ ਯਤਨਾਂ ਨੂੰ ਅਜਾਈਂ ਨਾ ਜਾਣ ਦੇਵੇ।