ਨਵਾਂਸ਼ਹਿਰ : ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਮਨੀਸ਼ ਤਿਵਾੜੀ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਰੋਧ ਕੀਤਾ ਗਿਆ। ਪਿੰਡ ਭਾਰਟਾ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮਨੀਸ਼ ਤਿਵਾੜੀ ਨੂੰ ਉਦਘਾਟਨ ਕਰਨ ਤੋਂ ਬਿਨਾਂ ਹੀ ਜਾਣ ਲਈ ਮਜਬੂਰ ਕੀਤਾ।ਇਸਦੇ ਨਾਲ ਹੀ ਪਿੰਡ ਵਜੀਦਪੁਰ ਵਿੱਚ ਕਿਸਾਨਾਂ ਨੇ ਮਨੀਸ਼ ਤਿਵਾੜੀ ਨੂੰ ਪਿੰਡ ਵਿੱਚ ਦਾਖਿਲ ਹੋਣ ਤੋਂ ਵੀ ਰੋਕਿਆ। ਮਨੀਸ਼ ਤਿਵਾੜੀ ਨੇ ਪਿੰਡ ਵਜੀਦਪੁਰ ਵਿੱਚ 10 ਕਰੋੜ ਦੀ ਲਾਗਤ ਨਾਲ ਬਣਨ ਵਾਲੀ 10 ਕਿਲੋਮੀਟਰ ਸੜਕ ਦਾ ਰਸਮੀ ਉਦਘਾਟਨ ਵੀ ਕਰਨਾ ਸੀ ਪਰੰਤੂ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਮਨੀਸ਼ ਤਿਵਾੜੀ ਉਸ ਸੜਕ ਦਾ ਉਦਘਾਟਨ ਨਹੀਂ ਕਰ ਸਕੇ ।
ਮੌਕੇ ਦੇ ਹਾਲਾਤ ਨੂੰ ਕੰਟਰੋਲ ਕਰਨ ਲਈ ਭਾਰੀ ਮਾਤਰਾ ਵਿੱਚ ਪੁਲਿਸ ਤੈਨਾਤ ਕੀਤੀ ਹੋਈ ਸੀ। ਜਦੋਂ ਸੰਸਦ ਮਨੀਸ਼ ਤਿਵਾੜੀ ਪਿੰਡ ਭਾਰਟਾ ਕਲਾਂ ਵਿੱਚ ਇੱਕ ਸਮਾਗਮ ਲਈ ਪਹੁੰਚੇ ਤਾਂ ਕਿਸਾਨਾਂ ਵਲੋਂ ਉੱਥੇ ਵੀ ਡੱਟਵਾ ਵਿਰੋਧ ਕੀਤਾ ਗਿਆ ਇੱਥੋ ਤੱਕ ਕਿ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਾਫੀ ਧੱਕਾ ਮੁੱਕੀ ਵੀ ਵੇਖਣ ਨੂੰ ਮਿਲੀ।ਕਿਸਾਨ ਮਹਿਲਾਵਾਂ, ਮਰਦਾਂ ਅਤੇ ਬੱਚਿਆਂ ਵਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਮਨੀਸ਼ ਤਿਵਾੜੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਇਜ ਸਮੇਂ ਸਾਂਸਦ ਮਨੀਸ਼ ਤਿਵਾੜੀ ਨਾਲ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅੰਗਦ ਸਿੰਘ ਸੈਣੀ ਵੀ ਮੌਜੂਦ ਸਨ। ਕਿਸਾਨਾਂ ਦਾ ਰੋਸ ਕਾਰਨ ਸਾਂਸਦ ਨੂੰ ਇਹ ਦੌਰਾ ਰੱਦ ਕਰਨਾ ਪਿਆ।
ਇਹ ਵੀ ਪੜ੍ਹੋ:- ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ Chief Secretary ਪੰਜਾਬ ਤਲਬ
ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਵਜੀਦਪੁਰ ਨੇ ਦੱਸਿਆ ਕਿ ਕਿਸਾਨਾਂ ਨੇ ਪਿਛਲੇ ਸਮੇਂ ਜਿਲ੍ਹਾ ਨਵਾਂਸ਼ਹਿਰ ਵਿੱਚ ਇਹ ਐਲਾਨ ਕੀਤਾ ਸੀ। ਕੋਈ ਵੀ ਸਾਂਸਦ ਜਾਂ ਕਿਸੇ ਪਾਰਟੀ ਦਾ ਲੀਡਰਾਂ ਦਾ ਸਾਡੇ ਜਿਲ੍ਹੇ ਦੇ ਪਿੰਡਾਂ ਵਿੱਚ ਵੜਣਾ ਮਨ੍ਹਾ ਹੈ।ਉਹਨਾਂ ਸੰਸਦ ਮਨੀਸ਼ ਤਿਵਾੜੀ ਉੱਤੇ ਆਰੋਪ ਲਾਉਦਿਆਂ ਕਿਹਾ ਕਿ ਜਦੋਂ ਦਾ ਕਿਸਾਨੀ ਅੰਦੋਲਨ ਚਲ ਰਿਹਾ ਹੈ ਕਦੇ ਵੀ ਇਹਨਾਂ ਸਾਂਸਦਾਂ ਨੇ ਪਾਰਲੀਮੈਂਟ ਵਿੱਚ ਕਿਸਾਨੀ ਹਿੱਤਾਂ ਲਈ ਕੋਈ ਵੀ ਆਵਾਜ਼ ਨਹੀਂ ਚੁੱਕੀ।ਕਿਸਾਨਾਂ ਨੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤਾੜਨਾ ਦਿੰਦੇ ਹੋਏ ਕਿਹਾ ਕਿ ਅਗਰ ਕੋਈ ਵੀ ਅਣਹੋਣੀ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।