ਨਵਾਂਸ਼ਹਿਰ : ਜ਼ਿਲ੍ਹੇ ’ਚ ਕੋਰੋਨਾ ਵਾਇਰਸ ਖ਼ਿਲਾਫ਼ ਲੜ ਰਹੇ ਮੈਡੀਕਲ ਸੇਵਾਵਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਦੇ ਹੌਂਸਲੇ ਤੋਂ ਪ੍ਰਭਾਵਿਤ ਹਲਕਾ ਵਿਧਾਇਕ ਅੰਗਦ ਸਿੰਘ ਨੇ ਜ਼ਿਲ੍ਹਾ ਹਸਪਤਾਲ ਦੇ ਸਮੁੱਚੇ ਅਮਲੇ ਨੂੰ ਪ੍ਰਸ਼ੰਸਾ ਪੱਤਰ ਅਤੇ ਦਰਜਾ ਚਾਰ, ਸਫ਼ਾਈ ਸੇਵਕਾਂ ਅਤੇ ਠੇਕੇ ’ਤੇ ਕੰਮ ਕਰਦੇ ਮੈਡੀਕਲ ਸਟਾਫ਼ ਨੂੰ ਪੰਜ-ਪੰਜ ਹਜ਼ਾਰ ਦੀ ਨਕਦੀ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ’ਚ ਵਿਧਾਇਕ ਨੇ ਆਖਿਆ ਕਿ ਰਾਜਨੀਤਕ ਪ੍ਰਤੀਨਿਧ ਅੱਜ ਦੇ ਮਾਹੌਲ ’ਚ ਕੇਵਲ ਚੰਗੇ ਕੰਮ ਦੀ ਹੌਂਸਲਾ ਅਫ਼ਜ਼ਾਈ ਹੀ ਕਰ ਸਕਦੇ ਹਨ।
ਸਮਾਗਮ ਦੌਰਾਨ 161 ਕਰਮਚਾਰੀਆਂ ਲਈ ਪ੍ਰਸ਼ੰਸਾ ਪੱਤਰ (ਸਿਫ਼ਟਾਂ ’ਚ ਕੰਮ ਕਰਦੇ ਹੋਣ ਕਾਰਨ ਬਾਕੀਆਂ ਦੇ ਐਸ ਐਮ ਓ ਹਰਵਿੰਦਰ ਸਿੰਘ ਨੂੰ ਸੌਂਪੇ ਗਏ) ਅਤੇ 70 ਕਰਮਚਾਰੀਆਂ ਲਈ 3.50 ਲੱਖ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਨੂੰ ਸਰਕਾਰ ਦੀ ਤਰਫ਼ੋਂ ਰਾਸ਼ਨ ਕਿੱਟਾਂ ਵੀ ਸੌਂਪੀਆਂ ਗਈਆਂ।
ਵਿਧਾਇਕ ਨੇ ਕਿਹਾ ਕਿ ਸਭ ਤੋਂ ਔਖੀ ਸਥਿਤੀ ਅੱਜ ਡਾਕਟਰ ਤੋਂ ਲੈ ਕੇ ਦਰਜਾ ਚਾਰ ਤੱਕ ਮੈਡੀਕਲ ਸੇਵਾਵਾਂ ਦੇਣ ਵਾਲਿਆਂ ਲਈ ਬਣੀ ਹੋਈ ਹੈ, ਜਿਹੜੇ ਆਈਸੋਲੇਸ਼ਨ ਵਾਰਡਾਂ ’ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗ਼ੈਰ ਮਰੀਜ਼ਾਂ ਦਾ ਧਿਆਨ ਰੱਖ ਰਹੇ ਹਨ। ਉਨ੍ਹਾਂ ਇਸ ਮੌਕੇ ਇੱਕ ਮਿੰਟ ਲਈ ਸਾਰਿਆਂ ਦੇ ਮਾਣ-ਸਨਮਾਨ ’ਚ ਤਾੜੀਆਂ ਵੀ ਵਜਾਈਆਂ ਅਤੇ ਉਨ੍ਹਾਂ ਨੂੰ ਕੋਵਿਡ-19 ਵਿਰੁੱਧ ਜੰਗ ਦੇ ਅਸਲ ਨਾਇਕ ਕਹਿ ਕੇ ਸੰਬੋਧਿਤ ਕੀਤਾ।
ਉਨ੍ਹਾਂ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਜਦੋਂ ਬਾਬਾ ਗੁਰਬਚਨ ਸਿੰਘ ਤੇ ਪਠਲਾਵਾ ਦੇ ਕੋਰੋਨਾ ਤੋਂ ਤੰਦਰੁਸਤ ਹੋਏ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਣ ’ਤੇ ਮਿਲਣ ਆਏ ਸਨ ਤਾਂ ਉਸ ਦਿਨ ਮੈਡੀਕਲ ਸਟਾਫ਼ ਵੱਲੋਂ ਪੀ ਪੀ ਈ ਕਿੱਟਾਂ ਤੇ ਮਾਸਕਾਂ ’ਚ ਦੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਅਸਲ ਹੀਰੋ ਤਾਂ ਇਹ ਲੋਕ ਹਨ ਜੋ ਪੀੜਤਾਂ ਦੇ ਇਲਾਜ ਅਤੇ ਸੇਵਾ ਭਾਵਨਾ ’ਚ ਕੋਈ ਕਸਰ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਕੀਤੀ ਸੇਵਾ ਕਾਰਨ ਹੀ ਅਸੀਂ 18 ’ਚੋਂ 16 ਮਰੀਜ਼ਾਂ ਨੂੰ ਬਿਕਕੁਲ ਸਿਹਤਯਾਬ ਦੇਖ ਰਹੇ ਹਾਂ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਖਿਆ ਕਿ ਸੱਚਮੁੱਚ ਹੀ ਜ਼ਿਲ੍ਹਾ ਹਸਪਤਾਲ ਦਾ ਸਮੁੱਚਾ ਅਮਲਾ ਅਤੇ ਸਿਹਤ ਵਿਭਾਗ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਜ਼ਿਲ੍ਹੇ ਨੂੰ ਏਨੀ ਔਖੀ ਸਥਿਤੀ ’ਚੋਂ ਬੜੀ ਮੇਹਨਤ ਅਤੇ ਲਗਨ ਨਾਲ ਬਾਹਰ ਕੱਢ ਲਿਆਂਦਾ ਹੈ।
ਐਸ ਐਸ ਪੀ ਅਲਕਾ ਮੀਨਾ ਨੇ ਕਿਹਾ ਕਿ ਜਦੋਂ ਇੱਕ ਤੋਂ ਬਾਅਦ ਇੱਕ 18 ਮਰੀਜ਼ ਕੋਵਿਡ-19 ਪੀੜਤ ਹੋ ਗਏ ਸਨ ਤਾਂ ਇੱਕ ਵਾਰੀ ਸਮੁੱਚੇ ਰਾਜ ਤੇ ਦੇਸ਼ ਦੀਆਂ ਨਜ਼ਰਾਂ ਸਾਡੇ ’ਤੇ ਕੇਂਦਰਿਤ ਹੋ ਗਈਆਂ ਸਨ ਕਿ ਅਸੀਂ ਬਹੁਤ ਹੀ ਖਤਰਨਾਕ ਸਥਿਤੀ ਵੱਲ ਵਧ ਰਹੇ ਹਾਂ ਪਰ ਅੱਜ ਸਾਨੂੰ ਆਪਣੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਹਸਪਤਾਲ ਦੇ ਸਮੁੱਚੇ ਅਮਲੇ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਸਾਨੂੰ ਔਖੀ ਸਥਿਤੀ ’ਚੋਂ ਬਾਹਰ ਲਿਆਂਦਾ ਹੈ।