ਸ਼ਹੀਦ ਭਗਤ ਸਿੰਘ ਨਗਰ: ਜ਼ਿਲ੍ਹੇ ਵਿੱਚ ਇੱਕਲੇ ਰਹਿ ਰਹੇ ਬਜ਼ੁਰਗਾਂ ਨੂੰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਕੋਈ ਪਰੇਸ਼ਾਨੀ ਨਾ ਆਏ ਇਸ ਲਈ ਪੰਜਾਬ ਪੁਲਿਸ ਦੇ ਜਵਾਨ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਨ। ਪੁਲਿਸ ਦੇ ਇਹ ਜਵਾਨ ਉਨ੍ਹਾਂ ਬਜੁਰਗਾਂ ਤੱਕ ਪਹੁੰਚ ਕਰ ਰਹੇ ਹਨ, ਜਿਹੜੇ ਘਰਾਂ ਵਿੱਚ ਕਿਸੇ ਨਾ ਕਿਸੇ ਕਾਰਨ ਇੱਕਲੇ ਰਹਿ ਰਹੇ ਹਨ। ਉਨ੍ਹਾਂ ਬਜੁਰਗਾਂ ਦੀ ਸ਼ਨਾਖਤ ਕਰਨ ਉਪਰੰਤ ਉਨ੍ਹਾਂ ਨੂੰ ਸਹਾਇਤਾ ਨੰਬਰ ਦਿੱਤਾ ਜਾਂਦਾ ਹੈ। ਇਸ ਨੰਬਰ 'ਤੇ ਇਹ ਬਜ਼ੁਰਗ ਲੋੜ ਪੈਣ 'ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੀ ਸੂਚੀ ਬਣਾ ਕੇ ਆਪਣੀ ਜ਼ਿਲ੍ਹਾ ਪੱਧਰੀ ਸੰਸਥਾ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਨੂੰ ਭੇਜ ਰਹੇ ਹਨ।
ਐਸਐਸਪੀ ਅਲਕਾ ਮੀਨਾ ਨੇ ਜ਼ਿਲ੍ਹਾ ਪੁਲਿਸ ਦੀ ਇਸ ਪਹਿਲ ਕਦਮੀ ਬਾਰੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਾਏ ਕਰਫ਼ਿਊ ਤੋਂ ਬਾਅਦ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਐਨਆਰਆਈਜ਼ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਪਿੰਡਾਂ ’ਚ ਬਜ਼ੁਰਗ ਇਕੱਲੇ ਰਹਿ ਰਹੇ ਹਨ। ਅਜਿਹੇ ਸਮੇਂ ’ਚ ਉਨ੍ਹਾਂ ਨੂੰ ਜਿੱਥੇ ਬਿਮਾਰੀ ਪ੍ਰਤੀ ਸਾਵਧਾਨੀਆਂ ਦੱਸ ਕੇ ਜਾਗਰੂਕ ਕਰਨਾ ਜ਼ਰੂਰੀ ਹੈ ਉੱਥੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਵੀ ਪੂਰੀਆਂ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਸਾਰ ਲੈਣ ਲਈ ਹੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਦੇ ਡੀਐਸਪੀ ਰਾਜ ਕੁਮਾਰ ਨੂੰ ਸੌਂਪੀ ਗਈ ਹੈ। ਇਸ ਮੁਹਿੰਮ ਤਹਿਤ ਹਰ ਥਾਣੇ ਵਿੱਚੋਂ ਇੱਕ-ਇੱਕ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਸਬੰਧਤ ਥਾਣੇ ਦੇ ਮੁੱਖ ਅਫ਼ਸਰ ਨਾਲ ਸੰਪਰਕ ਕਰਕੇ ਕਿਸੇ ਵੀ ਕਾਰਨ ਇਕੱਲੇ ਤੇ ਲੋੜਵੰਦ ਬਜ਼ੁਰਗਾਂ ਦੀਆਂ ਲੋੜਾਂ ਜਿਵੇਂ ਕਿ ਦਵਾਈਆਂ, ਘਰ ’ਚ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ, ਮੋਬਾਈਲ ਰੀਚਾਰਜ, ਗੈਸ ਸਿਲੰਡਰ ਰੀਚਾਰਜ ਜਾਂ ਹੋਰ ਜ਼ਰੂਰਤਾਂ ਪੂਰੀਆ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਸਰਾ ਬਣਨ ਦੀ ਜ਼ਿੰਮੇਵਾਰੀ ਲੈਣਗੇ। ਕਿਸੇ ਸਮੇਂ ਲੋੜ ਪੈਣ 'ਤੇ ਉਨ੍ਹਾਂ ਹੰਗਾਮੀ ਹਾਲਤ ਵਿੱਚ ਸਪੰਰਕ ਕਰਨ ਲਈ ਸਹਾਇਤਾ ਨੰਬਰ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਮਹਿਲਾਵਾਂ ਲਈ ਸੈਨੇਟਰੀ ਪੈਡਜ਼ ਆਵਾਜ਼ ਸੰਸਥਾ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਦੋ ਹੈਲਪਲਾਈਨ ਨੰ. 645507474 ਅਤੇ 9645276499 ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਰੀਬ ਲੋਕਾਂ ਨੂੰ ਸੈਨੇਟਰੀ ਪੈਡ ਮੁਫ਼ਤ ਅਤੇ ਸਮਰੱਥ ਲੋਕਾਂ ਨੂੰ ਅਦਾਇਗੀ ’ਤੇ ਮੁਹੱਈਆ ਕਰਵਾਏ ਜਾਂਦੇ ਹਨ।