ਨਵਾਂ ਸ਼ਹਿਰ: ਆਮ ਆਦਮੀ ਪਾਰਟੀ ਵੱਲੋਂ ਬਲਾਚੌਰ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਬ੍ਰਿਗੇਡੀਅਰ ਰਾਜ ਕੁਮਾਰ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਚ ਸ਼ਾਮਲ ਹੋ ਗਏ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਬਲਾਚੌਰ ਅਤੇ ਬੰਗਾ 'ਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਰਾਜ ਕੁਮਾਰ ਨੂੰ ਸਿਰੋਪਾ ਪਾ ਕੇ ਅਕਾਲੀ ਦਲ 'ਚ ਸ਼ਾਮਲ ਕੀਤਾ। ਇਸ ਦੌਰਾਨ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।
ਕੈਪਟਨ ਸਰਕਾਰ 'ਤੇ ਸ਼ਬਦੀ ਵਾਰ
ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਕਈ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਦੇਣਾ ਤਾਂ ਕੀ ਸੀ ਸਗੋਂ ਬਾਦਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਵੀ ਖੋਹ ਲਈਆਂ ਗਈਆਂ ਹਨ। ਕੈਪਟਨ ਨੇ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ। ਨੌਜਵਾਨਾਂ ਨੂੰ ਨੌਕਰੀਆਂ, ਮੋਬਾਈਲ ਫੋਨ, ਕਿਸਾਨਾਂ ਦਾ ਕਾਰਜਾਂ ਮਾਫ਼, ਸ਼ਗਨ ਸਕੀਮ ਦੁੱਗਣੀ ਕਰਨ ਦੇ ਵਾਅਦੇ ਸਭ ਝੂਠੇ ਨਿਕਲੇ ਹਨ।ਸੁਖਬੀਰ ਬਾਦਲ ਨੇ ਕਿਹਾ ਸਰਕਾਰ ਹੱਕ ਮੰਗ ਰਹੇ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ 'ਤੇ ਲਾਠੀਆਂ ਵਰ੍ਹਾ ਰਹੀ ਹੈ।
'ਗਾਂਧੀ ਪਰਿਵਾਰ ਸਿੱਖਾਂ ਦਾ ਦੁਸ਼ਮਣ'
ਲੋਕ ਸਭਾ ਚੋਣਾਂ 'ਚ ਜਿੱਤ ਦਾ ਦਾਅਵਾ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਇਸ ਵਾਰ ਪਾਰਲੀਮੈਂਟ ਚੋਣਾਂ 'ਚ ਕਾਂਗਰਸ ਦਾ ਸਫਾਇਆ ਤੈਅ ਹੈ। ਰਾਹੁਲ ਗਾਂਧੀ ਵਲੋਂ ਮੋਗਾ ਵਿਚ ਕੀਤੀ ਗਈ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਸਿੱਖ ਕੌਮ ਦਾ ਦੁਸ਼ਮਣ ਰਿਹਾ। ਗਾਂਧੀ ਪਰਿਵਾਰ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਅਤੇ ਦੋਸ਼ੀਆਂ ਨੂੰ ਬਚਾਇਆ ਹੈ। ਮੋਦੀ ਸਰਕਾਰ ਦੀ ਤਰੀਫ਼ ਦੇ ਕਸੀਦੇ ਪੜ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ।
ਐੱਸਆਈਟੀ 'ਤੇ ਚੁੱਕੇ ਸਵਾਲ
ਬਾਦਲ ਨੇ ਐੱਸਆਈਟੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਐੱਸਆਈਟੀ ਅਧਿਕਾਰੀਆਂ ਨੂੰ ਕੈਪਟਨ ਦੀ ਬੀ ਟੀਮ ਆਖਿਆ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਨੇ ਵੀ ਕੈਪਟਨ ਦੇ ਬੋਲ ਬੋਲੇ ਤੇ ਐੱਸਆਈਟੀ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ।