ਨਵਾਂ ਸ਼ਹਿਰ: ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦਾ ਅੰਤਿਮ ਸਸਕਾਰ 18 ਮਾਰਚ ਨੂੰ ਹੋਇਆ ਸੀ। ਸਸਕਾਰ ਨੂੰ 16 ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਉਸ ਦੇ ਫੁੱਲ ਨਹੀਂ ਚੁੱਗੇ ਗਏ।
ਬਲਦੇਵ ਸਿੰਘ ਦੇ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਪੌਜ਼ੀਟਿਵ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਨਵਾਂ ਸ਼ਹਿਰ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਕਰਫਿਊ ਅਤੇ ਪਿੰਡ ਸੀਲ ਹੋਣ ਕਾਰਨ ਪਿੰਡ ਦੇ ਲੋਕ ਵੀ ਬਲਦੇਵ ਸਿੰਘ ਦੇ ਫੁੱਲ ਚੁੱਗਣ ਦਾ ਕੰਮ ਪ੍ਰਸ਼ਾਸਨ ਤੋਂ ਬਿਨਾਂ ਨਹੀਂ ਕਰ ਸਕਦੇ। ਉੱਥੇ ਹੀ, ਪ੍ਰਸ਼ਾਸਨ ਦੀ ਇਸ ਵੱਲ ਕੋਈ ਧਿਆਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿੰਡ ਪਠਲਾਵਾ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ, ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਹਨ। ਬਲਦੇਵ ਦੀ ਮੌਤ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ 18 ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਨ੍ਹਾਂ ਵਿੱਚ ਪਿੰਡ ਦਾ ਸਰਪੰਚ ਤੇ ਉਨ੍ਹਾਂ ਦੀ ਮਾਤਾ ਵੀ ਸ਼ਾਮਲ ਹੈ।
ਹਾਲਾਤ ਵੇਖਦੇ ਹੋਏ ਪਿੰਡ ਦੇ ਆਮ ਲੋਕਾਂ ਦੇ ਚੈੱਕਅਪ ਲਈ ਮਹਿਕਮੇ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। 2 ਅਪ੍ਰੈਲ ਨੂੰ ਪਿੰਡ ਵਿੱਚ ਕਿਸੇ ਵੀ ਬਾਹਰੀ ਵਿਅਕਤੀ, ਸੰਸਥਾ ਜਾਂ ਜਨ ਪ੍ਰਤੀਨਿਧੀ ਨੂੰ ਜਾਣ ਦੀ ਪ੍ਰਸ਼ਾਸਨ ਵਲੋਂ ਇਜਾਜ਼ਤ ਨਹੀਂ ਸੀ, ਪਰ ਸ਼ਨੀਵਾਰ ਨੂੰ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਟੀਮ ਨੇ ਪੰਜਾਬ ਪ੍ਰਧਾਨ ਡਾ. ਨਵਜੋਤ ਘਈਆ ਦੀ ਅਗਵਾਈ 'ਚ ਇਸ ਪਿੰਡ ਦਾ ਦੌਰਾ ਕੀਤਾ। ਇਸ ਦੇ ਨਾਲ ਹੀ, ਪਿੰਡ ਦੇ ਲੋਕਾਂ ਤੱਕ ਖਾਣਯੋਗ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਸਮੇਤ 4 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ