ਮੋਹਾਲੀ:ਪੰਜਾਬ ਦੇ ਐਸ.ਸੀ ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਜਿਲ੍ਹਾ ਮੁਹਾਲੀ ਪ੍ਰਧਾਨ ਗੋਵਿੰਦਰ ਮਿੱਤਲ ਅਤੇ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਸਾਧੂ ਸਿੰਘ ਧਰਮਸੋਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ ਗਿਆ।ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਘੁਟਾਲੇ ਵਿੱਚ ਸ਼ਾਮਲ ਮੰਤਰੀਆਂ ਅਤੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਮੇਂ ਆਮ ਆਦਮੀ ਪਾਰਟੀ ਨੇ ਦਲਿਤ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ 7827273487 ਜਾਰੀ ਕੀਤਾ। ਜਿਸ 'ਤੇ ਵਿਦਿਆਰਥੀ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ।
ਗੋਵਿੰਦਰ ਮਿੱਤਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਵਿਕਾਸ ਕਰਨ ਦੇ ਦਮਗਜੇ ਮਾਰਦੇ ਫਿਰਦੇ ਹਨ। ਜਦੋਂ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦੇ 2 ਲੱਖ ਤੋਂ ਜਿਆਦਾ ਵਿਦਿਆਰਥੀ ਪ੍ਰੀਖਿਆਵਾਂ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਦੇ ਮੁੱਦੇ ਤੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸਕਾਲਰਸ਼ਿਪ ਘੁਟਾਲੇ ਦੀ ਸਚਾਈ ਲੋਕਾਂ ਸਾਹਮਣੇ ਆ ਸਕੇ।
ਸਕੱਤਰ ਪ੍ਰਭਜੌਤ ਕੌਰ ਨੇ ਬੋਲਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 2020-21 ਵਿੱਦਿਅਕ ਵਰ੍ਹੇ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅੰਤਮ ਕਿਸਤ ਜਾਰੀ ਕਰਨ ਦਾ ਐਲਾਨ ਕੀਤਾ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰ ਦੀ ਖੇਡ ਵਿੱਚ ਬਾਕੀ ਤਿੰਨ ਸੈਸ਼ਨ ਦੇ ਬੱਚਿਆਂ ਦਾ ਭਵਿੱਖ ਅਜੇ ਵੀ ਦਾਅ ਉਤੇ ਲੱਗਿਆ ਹੋਇਆ ਹੈ।
ਕਿਉਂਕਿ ਜੁਆਇੰਟ ਐਸੋਸੀਏਸਨ ਆਫ ਕਾਲਜ (ਜੇ.ਏ.ਸੀ.) ਨੇ ਆਪਣਾ ਪੱਖ ਸਪੱਸਟ ਕਰ ਦਿੱਤਾ ਕਿ ਬਾਕੀ ਸਾਲਾਂ ਦੀ ਬਕਾਇਆ ਰਾਸ਼ੀ ਕਾਰਨ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕਰੇਗੀ । ਉਥੇ ਹੀ ਕਾਲਜਾਂ ਨੇ ਵਿਦਿਆਰਥੀਆਂ ਦੇ ਅਹਿਮ ਸਰਟੀਫਿਕੇਟ ਅਤੇ ਡਿਗਰੀਆਂ ਵੀ ਆਪਣੇ ਕਬਜੇ ਵਿੱਚ ਰੱਖੀਆਂ ਹੋਈਆਂ ਹਨ। ਜਿਸ ਕਰਨ ਵਿਦਿਆਰਥੀ ਨੌਕਰੀਆਂ ਲੈਣ ਲਈ ਅਪਲਾਈ ਕਰਨ ਤੋਂ ਵੀ ਵਾਂਝੇ ਰਹਿ ਗਏ ਹਨ।
ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਬੱਚਿਆਂ ਦੇ ਨਾਲ ਡਾਂਸ ਵਾਲਾ ਵੀਡੀਓ ਕੀਤਾ ਸ਼ੇਅਰ