ਨਵਾਂਸ਼ਹਿਰ: ਜ਼ਿਲ੍ਹੇ ’ਚ ਸੋਮਵਾਰ ਸ਼ਾਮ ਤੱਕ ਆਈ ਟੈਸਟਾਂ ਦੀ ਰਿਪੋਰਟ ਮੁਤਾਬਕ, ਹੁਣ ਤੱਕ 573 ਟੈਸਟ ਨੈਗੇਟਿਵ ਪਾਏ ਗਏ ਹਨ। ਜ਼ਿਲ੍ਹੇ ’ਚ ਕੱਲ੍ਹ ਸ਼ਾਮ ਤੱਕ ਕੁੱਲ 767 ਟੈਸਟ ਲਏ ਗਏ ਸਨ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਬੂਥਗੜ੍ਹ ਦੇ ਇੱਕ ਕੇਸ ਦੇ ਪੌਜ਼ੀਟਿਵ ਆਉਣ ਬਾਅਦ ਸੈਂਪਲਿੰਗ ਵਧਾ ਦਿੱਤੀ ਗਈ ਹੈ ਅਤੇ ਅੱਜ ਵੀ 60 ਦੇ ਕਰੀਬ ਸੈਂਪਲ ਨਵੇਂ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਅਜੇ ਤੱਕ ਪੌਜ਼ੀਟਿਵ ਪਾਏ ਕੇਸਾਂ ਦੀ ਗਿਣਤੀ 20 ਹੀ ਹੈ ਅਤੇ ਬਾਕੀ ਨਤੀਜੇ ਦੇਰ ਰਾਤ ਜਾਂ ਕੱਲ੍ਹ ਨੂੰ ਆਉਣ ’ਤੇ ਇਨ੍ਹਾਂ ਦੀ ਸਥਿਤੀ ਬਾਰੇ ਦੇਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਜ਼ਿਲ੍ਹੇ ’ਚ ਕੋਵਿਡ ਦੀ ਰੋਕਥਾਮ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਸਮੁੱਚੇ ਜ਼ਿਲ੍ਹੇ ’ਚ ਆਸ਼ਾ ਵਰਕਰਾਂ ਰਾਹੀਂ ਦੂਸਰੇ ਦੌਰਾ ਦਾ ਸਰੇਵਖਣ ਵੀ ਆਰੰਭ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਸਮੁੱਚੀ ਮਨਜ਼ੂਰੀਆਂ ਲੈ ਕੇ ਦੂਸਰੇ ਜ਼ਿਲ੍ਹੇ ਜਾਂ ਰਾਜ ’ਚੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦਾਖਲ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਘਰ ’ਚ ਹੀ ਅਲਹਿਦਾ ਰੱਖੇ ਅਤੇ ਉਸ ਤੋਂ ਬਾਅਦ ਜ਼ਿਲ੍ਹੇ ਦੀ ਕੋਵਿਡ-19 ਹੈਲਪਲਾਈਨ 01823-227471 ’ਤੇ ਕਿਸੇ ਵੀ ਤਰ੍ਹਾਂ ਦੇ ਕੋਵਿਡ ਲੱਛਣ ਉਭਰਨ ’ਤੇ ਇਤਲਾਹ ਦੇਵੇ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੂੰ ਆਪਣੇ ਬਾਰੇ ਜਾਣਕਾਰੀ ਨਹੀਂ ਦੇਵਾਂਗੇ ਤਾਂ ਅਸੀਂ ਆਪਣੇ ਪਰਿਵਾਰ ਤੇ ਨੇੜਲੇ ਸਮਾਜ ਪ੍ਰਤੀ ਖਤਰਾ ਪੈਦਾ ਕਰ ਰਹੇ ਹੋਵਾਂਗੇ, ਇਸ ਲਈ ਬਾਹਰੋਂ ਆਉਣ ’ਤੇ ਤੁਰੰਤ ਕੋਵਿਡ ਹੈਲਪ ਲਾਈਨ ’ਤੇ ਸੂਚਿਤ ਕੀਤਾ ਜਾਵੇ।