ਸੰਗਰੂਰ: ਬਸਤੀ ਬੱਗੂਆਣਾ ਦੇ ਵਸਨੀਕ ਨੇ ਜ਼ਹਿਰਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਤੋਂ ਪਹਿਲਾ ਉਸ ਨੇ ਆਪਣੇ ਮੋਬਾਈਲ 'ਤੇ ਵੀਡੀਓ ਬਣਾ ਕੇ ਸੰਗਰੂਰ ਪੁਲਿਸ ਦੇ ਸੀਆਈੇਏ ਸਟਾਫ਼ ਦੇ ਦੋ ਪੁਲਿਸ ਮੁਲਾਜ਼ਮਾਂ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਸੋਮ ਦੱਤ ਨੇ ਖ਼ੁਦਕੁਸ਼ੀ ਤੋਂ ਪਹਿਲਾ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਦੋ ਪੁਲਿਸ ਮੁਲਾਜ਼ਮਾਂ 'ਤੇ ਉਸ ਨੂੰ ਝੂਠੇ ਕੇਸ 'ਚ ਫਸਾਉਣ ਲਈ ਪ੍ਰੇਸ਼ਾਨ ਕਰਨ ਅਤੇ ਦੋ ਵਾਰ ਨਾਜਾਇਜ਼ ਤੌਰ 'ਤੇ ਸੀਆਈਏ ਸਟਾਫ਼ ਲਿਜਾ ਕੇ ਕਰੰਟ ਲਗਾਉਣ ਦੇ ਦੋਸ਼ ਲਾਏ ਹਨ। ਉਸ ਨੇ ਕਿਹਾ ਉਹ ਆਪਣੀ ਕਾਰ ਗਹਿਣੇ ਧਰ ਕੇ 75 ਹਜ਼ਾਰ ਰੁਪਏ ਵੀ ਉਨ੍ਹਾਂ ਨੂੰ ਦਿੱਤੇ ਪਰ ਮੁੜ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਮਾਰਨਾ ਚਾਹੁੰਦਾ ਹੈ। ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਮ੍ਰਿਤਕ ਦੇ ਪਿਤਾ ਭੀਮ ਸੈਨ ਵਾਸੀ ਬੱਗੂਆਣਾ ਬਸਤੀ ਸੰਗਰੂਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ ਮੁੰਡਾ ਸੋਮ ਦੱਤ ਆਪਣੀ ਕਾਰ 'ਤੇ ਡਰਾਇਵਰੀ ਕਰਦਾ ਸੀ। ਸੋਮ ਦੱਤ ਨੂੰ ਹੌਲਦਾਰ ਦਲਜੀਤ ਸਿੰਘ ਉਰਫ਼ ਡੱਲੀ ਅਤੇ ਸਿਪਾਹੀ ਹਰਮਨਪ੍ਰੀਤ ਸਿੰਘ ਉਰਫ਼ ਮਾਨਕੀ ਪ੍ਰੇਸ਼ਾਨ ਕਰਦੇ ਸਨ।
ਇਹ ਵੀ ਪੜੋ: ਸ਼ਾਪਿੰਗ ਮਾਲ, ਹੋਟਲ ਅਤੇ ਰੈਸਟੋਰੈਂਟ 'ਤੇ ਕੋਈ ਪਾਬੰਦੀ ਨਹੀਂ: ਸਿਹਤ ਮੰਤਰੀ
ਉਸ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਸੋਮ ਦੱਤ ਨੇ ਸਲਫਾਸ ਖਾ ਲਈ, ਜਿਸ ਦਾ ਪਤਾ ਲੱਗਣ 'ਤੇ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੋ ਡਾਕਟਰਾਂ ਨੇ ਰੈਫਰ ਕਰ ਦਿੱਤਾ। ਇਸ 'ਤੋ ਬਾਅਜ ਉਹ ਸੋਮ ਦੱਤ ਨੂੰ ਨਿੱਜੀ ਹਸਪਤਾਲ 'ਚ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਮੁੰਡੇ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕੀਤੀ ਹੈ।