ਸੰਗਰੂਰ: ਕਾਰਗਿਲ ਦੀ ਜੰਗ 'ਚ ਪਾਕਿਸਤਾਨੀ ਅਫ਼ਸਰ ਸਮੇਤ ਚਾਰ ਫ਼ੌਜੀਆਂ ਨੂੰ ਮਾਰ ਕੇ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਦੇ ਹੀਰੋ ਸਤਪਾਲ ਸਿੰਘ ਨੂੰ ਤਰੱਕੀ ਦੇਣ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਸਤਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਤੇ ਆਪਣੀ ਕਾਰਗਿਲ ਜੰਗ ਦੀ ਕਹਾਣੀ ਸੁਣਾਈ।
ਇਹ ਵੀ ਪੜ੍ਹੋ: ਸੰਨੀ ਦਿਓਲ ਦੀ ਮਦਦ ਨਾਲ ਕੁਵੈਤ 'ਚ ਫ਼ਸੀ ਮਹਿਲਾ ਪਰਤੀ ਭਾਰਤ, ਧਰਮਿੰਦਰ ਨੇ ਦਿੱਤੀ ਸਲਾਹ
ਇਸ ਤੋਂ ਇਲਾਵਾ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫ਼ੌਜ ਤੋਂ ਅਸਤੀਫ਼ਾ ਦੇ ਕੇ 2010 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ ਪਰ ਉਸ ਨੂੰ ਹਮੇਸ਼ਾ ਦੁੱਖ ਰਿਹਾ ਕਿ ਵੀਰ ਚੱਕਰ ਲੈਣ ਤੋਂ ਬਾਅਦ ਵੀ ਟ੍ਰੈਫਿਕ ਪੁਲਿਸ ਦੀ ਨੌਕਰੀ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਕਾਰਗਿਲ ਵਿਜੈ ਦਿਵਸ 'ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਤਰੱਕੀ 'ਤੇ ਉਸ ਨੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਕਿਹਾ, "ਦੇਰ ਆਏ ਦਰੁਸਤ ਆਏ।"
ਦੱਸਣਯੋਗ ਹੈ ਕਿ ਫ਼ੌਜ ਤੋਂ ਸੇਵਾਮੁਕਤ ਹੋ ਕੇ ਸਤਪਾਲ ਸਿੰਘ ਸਾਲ 2010 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਸਨ। ਸਤਪਾਲ ਸਿੰਘ ਨੂੰ 9 ਸਾਲਾਂ ਦੀ ਨੌਕਰੀ ਬਦਲੇ ਇੱਕ ਦਰਜਾ ਵਧਾ ਕੇ ਸਹਾਇਕ ਸਬ-ਇੰਸਪੈਕਟਰ ਦਾ ਦਰਜਾ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਨੂੰ ਅਣਗੋਲਿਆ ਕਰਨ ਦਾ ਜ਼ਿੰਮੇਵਾਰ ਪਿਛਲੀ ਬਾਦਲ ਸਰਕਾਰ ਨੂੰ ਠਹਿਰਾਇਆ ਹੈ। ਹੁਣ ਸਤਪਾਲ ਨੂੰ ਮੁੜ ਤੋਂ ਏਐਸਆਈ ਵਜੋਂ ਭਰਤੀ ਕੀਤਾ ਜਾਵੇਗਾ।