ਮਲੇਰਕੋਟਲਾ: ਪਿੰਡ ਭਰਾਲ ਇੱਕ ਰਿਫਿਊਜ਼ੀਆਂ ਦਾ ਪਿੰਡ ਹੈ, ਜੋਂ ਕਿ 47 ਦੀ ਵੰਡ ਮੌਕੇ ਪਾਕਿਸਤਾਨ ਤੋਂ ਆ ਕੇ ਭਾਰਤ 'ਚ ਵਸੇ ਸਨ। ਇਸ ਪਿੰਡ 'ਚ ਪਹਿਲਾਂ ਮੁਸਲਿਮ ਪਰਿਵਾਰ ਰਹਿੰਦੇ ਸਨ ਜੋ ਕਿ ਵੰਡ ਮੌਕੇ ਪਾਕਿਸਤਾਨ ਚਲੇ ਗਏ।
ਵੰਡ ਤੋਂ ਬਾਅਦ ਜਿਨ੍ਹੇ ਵੀ ਰਿਫਿਊਜ਼ੀ ਇਸ ਪਿੰਡ 'ਚ ਵਸੇ ਸਨ ਉਨ੍ਹਾਂ ਵਿਚੋਂ ਕੋਈ ਵੀ ਮੁਸਲਿਮ ਪਰਿਵਾਰ ਨਹੀਂ ਹੈ। ਬਾਵਜੂਦ ਇਸ ਦੇ ਪਿੰਡ 'ਚ ਮੌਜੂਦ ਮਸਜਿਦਾਂ ਦੀ ਦੇਖ ਰੇਖ ਇੱਕ ਹਿੰਦੂ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿੰਡ 'ਚ ਪੰਜ ਦੇ ਕਰੀਬ ਮਸਜਿਦਾਂ ਸਨ, ਜਿਨ੍ਹਾਂ ਵਿੱਚੋਂ ਕੁਝ ਢਹਿ ਢੇਰੀ ਹੋ ਗਈਆਂ ਅਤੇ ਕੁੱਝ ਖੰਡਰ ਬਣ ਰਹੀਆਂ ਹਨ।
ਪਿੰਡ ਵਿੱਚ ਬਾਕੀ ਜੋ ਮਜਾਰਾਂ ਬਚੀਆਂ ਹਨ ਉਨ੍ਹਾਂ ਦੀ ਦੇਖ-ਰੇਖ ਵੀ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੋਈ ਮੁਸਲਿਮ ਪਰਿਵਾਰ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਮਸਜਿਦਾਂ ਦੀ ਦੇਖ ਰੇਖ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇੱਕ ਹਾਜੀ ਨਾਮਕ ਵਿਅਕਤੀ ਨੇ ਇਹ ਮਸਜਿਦਾਂ ਬਣਵਾਈਆਂ ਸਨ, ਜੋ ਵੰਡ ਤੋਂ ਬਾਅਦ ਪਾਕਿਸਤਾਨ ਚਲਿਆ ਗਿਆ ਤੇ ਕਦੇ ਕਦੇ ਉਨ੍ਹਾਂ ਦਾ ਪਰਿਵਾਰ ਇੱਥੇ ਜ਼ਰੂਰ ਆਉਂਦਾ ਹੈ।