ਸੰਗਰੂਰ: ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਸੰਗਰੂਰ ਹੈ, ਜਿਥੇ ਮਾਸਟਰ ਜੀ ਸਵੇਰੇ ਲੋਕਾਂ ਦੇ ਘਰਾਂ ਵਿੱਚ ਅਖ਼ਬਾਰ ਦਿੰਦੇ ਹਨ ਅਤੇ ਮਾਸਟਰ ਜੀ ਪਿੰਡ ਤੋਂ ਬਾਹਰ ਮੁੱਖ ਮਾਰਗ ਉੱਤੇ ਸਬਜ਼ੀਆਂ ਵੇਚਦੇ ਹਨ।
ਮਾਸਟਰਾਂ ਵੱਲੋਂ ਘਰਾਂ ਵਿੱਚ ਅਖ਼ਬਾਰ ਵੰਡਣੇ, ਰੇਹੜੀ ਲਾ ਸਬਜ਼ੀਆਂ ਵੇਚਣੀਆਂ ਨੂੰ ਲੈ ਕੇ ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।
ਰਾਜਵਿੰਦਰ ਅਤੇ ਜਸਵਿੰਦਰ ਨੇ ਜਦੋਂ ਪੜ੍ਹਾਈ ਸ਼ੁਰੂ ਕੀਤੀ ਸੀ ਤਾਂ ਇਨ੍ਹਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਏਨਾਂ ਪੜ੍ਹਣ ਤੋਂ ਬਾਅਦ ਵੀ ਉਹ ਇਸ ਤਰ੍ਹਾ ਦੇ ਕੰਮ ਕਰਨਗੇ।
ਰਾਜਵਿੰਦਰ ਸਿੰਘ ਜੋ ਕਿ ਡਬਲ ਐਮ.ਏ, ਬੀ.ਐਡ ਦੇ ਨਾਲ-ਨਾਲ ਟੈਟ ਪਾਸ ਹੈ। ਪਰ ਉਸ ਨੂੰ ਹਾਲੇ ਤੱਕ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲੀ, ਜਿਸ ਕਰ ਕੇ ਉਸ ਨੂੰ ਆਪਣੇ ਪਿੰਡ ਵਿੱਚ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਕਦੋਂ ਤੱਕ ਉਹ ਸਰਕਾਰ ਦੇ ਸਹਾਰੇ ਰਹੇਗਾ, ਕਿਉਂਕਿ ਹੁਣ ਤਾਂ ਉਸ ਦਾ ਵਿਆਹ ਵੀ ਹੋ ਗਿਆ ਹੈ।
ਉੱਥੇ ਹੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਡਬਲ ਐਮ.ਏ. ਬੀਐਡ, ਦੋ ਵਾਰ ਟੈਟ ਪਾਸ ਅਤੇ ਲਾਇਬ੍ਰੇਰੀਅਨ ਦਾ ਕੋਰਸ ਵੀ ਕੀਤਾ ਹੋਇਆ ਹੈ। ਪਰ ਉਹ ਕਈ ਸਾਲਾਂ ਤੋਂ ਅਖ਼ਬਾਰ ਵੇਚ ਕੇ ਹੀ ਆਪਣਾ ਗੁਜ਼ਾਰਾ ਕਰ ਰਿਹਾ ਹੈ, ਕਿਉਂਕਿ ਉਹ ਹਾਲੇ ਤੱਕ ਸਰਕਾਰੀ ਨੌਕਰੀ ਤੋਂ ਵਾਂਝਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਹੁਣ ਜਦੋਂ ਉਹ ਸੱਤਾ ਵਿੱਚ ਆ ਗਏ ਹਨ ਤਾਂ ਨੌਜਵਾਨਾਂ ਦਾ ਕੀ ਹਾਲ ਹੈ, ਇਹ ਤੁਹਾਡੇ ਸਾਹਮਣੇ ਹੀ ਹੈ।
ਦੋਹਾਂ ਨੌਜਵਾਨਾਂ ਦੀ ਮੰਗ ਹੈ ਕਿ ਸਰਕਾਰ ਪੰਜਾਬ ਦੇ ਪੜ੍ਹੇ ਲਿਖੇ ਅਧਿਆਪਕ ਦੇ ਯੋਗ ਨੌਜਵਾਨਾਂ ਦੀ ਸਾਰ ਲਵੇ ਅਤੇ ਜਲਦ ਤੋਂ ਜਲਦ ਨੌਜਵਾਨਾਂ ਨੂੰ ਨੌਕਰੀਆਂ ਦੇਵੇ।
ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਏ ਲਗਭਗ 4 ਸਾਲ ਹੋ ਗਏ ਹਨ, ਪਰ ਹਾਲੇ ਤੱਕ ਵੀ ਕਈ ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਪੜ੍ਹੇ-ਲਿਖੇ ਯੋਗ ਨੌਜਵਾਨ ਸਬਜ਼ੀਆਂ ਵੇਚਣ ਅਤੇ ਅਖ਼ਬਾਰਾਂ ਵਾਲੇ ਮਾਸਟਰ ਬਣਨਗੇ ਜਾਂ ਫ਼ਿਰ ਸੂਕਲਾਂ ਵਿੱਚ ਪੜ੍ਹਾਉਣ ਵਾਲੇ ਮਾਸਟਰ।