ਮਲੇਰਕੋਟਲਾ: ਨੜੇਲੇ ਪਿੰਡ ਘਨੌਰ ਖੁਰਦ ਦਾ ਸਾਬਕਾ ਫ਼ੌਜੀ ਗੁਰਪਾਲ ਸਿੰਘ ਜਿਸ ਨੇ ਕਈ ਸਾਲ ਦੇਸ਼ ਦੀ ਸੇਵਾ ਕੀਤੀ ਅਤੇ ਅੱਜ ਉਸ ਨੂੰ ਇਸ ਚੀਜ਼ ਦਾ ਅਫ਼ਸੋਸ ਹੋ ਰਿਹਾ ਹੈ। ਕਿਉਂਕਿ ਉਹ ਪਿਛਲੇ 6 ਸਾਲਾਂ ਤੋਂ ਆਪਣੇ ਘਰ ਬਿਜਲੀ ਦੀ ਮੀਟਰ ਲਵਾਉਣ ਲਈ ਧੱਕੇ ਖਾ ਰਿਹਾ ਹੈ।
ਫ਼ੌਜੀ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਬਿਜਲੀ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਪਰ ਅਜੇ ਤੱਕ ਉਸ ਦੇ ਘਰ ਬਿਜਲੀ ਦਾ ਮੀਟਰ ਨਹੀਂ ਲੱਗ ਸਕਿਆ ਹੈ। ਉਸ ਨੇ ਘਰ ਵਿੱਚ ਗੁਜ਼ਾਰੇ ਵਿੱਚ ਇੱਕ ਇਨਵਰਟਰ ਰੱਖਿਆ ਹੋਇਆ ਹੈ ਜੋ ਕਿ ਗੁਆਂਢੀ ਦੇ ਜਾ ਕੇ ਚਾਰਜ ਕਰਦੇ ਹਨ ਅਤੇ ਕਈ ਵਾਰ ਤਾਂ ਗੁਆਂਢੀ ਵੀ ਚਾਰਜ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਦੇਸ਼ ਲਈ ਸਰਹੱਦਾਂ ਤੇ ਲੜਨ ਵਾਲਾ ਫ਼ੌਜੀ ਅੱਜ ਹਨ੍ਹੇਰੇ ਵਿੱਚ ਜ਼ਿੰਦਗੀ ਜੀਅ ਨਹੀਂ ਰਿਹਾ ਸਗੋਂ ਭੁਗਤ ਰਿਹਾ ਹੈ।
ਫ਼ੌਜੀ ਦੀ ਪਤਨੀ ਦੀ ਕਹਿਣਾ ਹੈ ਕਿ ਜਦੋਂ ਕਈ ਵਾਰ ਰਾਤ ਨੂੰ ਖਾਣ ਬਣਾਉਣ ਵੇਲੇ ਇਨਵਰਟਰ ਬੰਦ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਉਸ ਵੇਲੇ ਬੜੀ ਦਿੱਕਤ ਆਉਂਦੀ ਹੈ।
ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਫ਼ੌਜੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਸੂਬੇ ਦੇ ਫ਼ੌਜੀ ਨੂੰ ਮੁਢਲੀ ਸਹੂਲਤ ਲਈ ਦਰ ਦਰ ਦੀ ਠੋਕਰ ਖਾਣੀ ਪੈ ਰਹੀ ਹੈ।
ਇੱਥੇ ਇਹ ਵਿਚਾਰਯੋਗ ਗੱਲ ਹੈ ਕਿ ਪ੍ਰਸ਼ਾਸ਼ਨ ਦੀ ਕਾਰਵਾਈ ਆਖ਼ਰ ਐਨੀ ਠੰਢੀ ਕਿਵੇਂ ਹੋ ਸਕਦੀ ਹੈ ਕਿ ਪ੍ਰਸ਼ਾਸ਼ਨ ਐਨੀ ਗੂੜੀ ਨੀਂਦ ਸੁੱਤਾ ਪਿਆ ਹੈ ਕਿ ਕੋਈ ਵਿਅਕਤੀ 6 ਸਾਲਾਂ ਤੋਂ ਉਸ ਨੂੰ ਆ ਕੇ ਜਗ੍ਹਾ ਰਿਹਾ ਹੈ ਪਰ ਕੁੰਭਕਰਨ ਦੀ ਨੀਂਦ ਹੈ ਕਿ ਖੁੱਲ੍ਹਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ।
ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਗੁਰਪਾਲ ਸਿੰਘ ਨੂੰ ਖ਼ੁਦ ਫ਼ੌਜ ਵਿੱਚ ਜਾਣ ਦਾ ਅਫਸੋਸ ਹੋ ਰਿਹਾ ਹੈ ਤਾਂ ਕੀ ਕੋਈ ਹੋਰ ਨੌਜਵਾਨ ਉਸ ਨੂੰ ਵੇਖ ਕੇ ਖ਼ੁਦ ਫ਼ੌਜ ਵਿੱਚ ਜਾਣ ਬਾਰੇ ਸੋਚ ਸਕਦਾ ਹੈ।