ਮਲੇਰਕੋਟਲਾ: ਪਿੰਡ ਕਸਬਾ ਭਰਾਲ ਵਿਖੇ ਦਹਾਕਿਆਂ ਤੋਂ ਛੱਪੜ ਕੰਢੇ ਕੁੱਲੀ ਪਾ ਕੇ ਰਹਿ ਰਹੇ ਇੱਕ ਗਰੀਬ ਭੱਠਾ ਮਜ਼ਦੂਰ ਨੂੰ ਪਿੰਡ ਦੇ ਹੀ 4-5 ਵਿਅਕਤੀਆਂ ਸਮੇਤ ਦੋ ਦਰਜਨ ਦੇ ਕਰੀਬ ਗੁੰਡਿਆਂ ਨੇ ਕੁੱਲੀ ਸਮੇਤ ਮਜ਼ਦੂਰ ਨੂੰ ਅੱਗ ਲਗਾ ਦਿੱਤੀ।
ਡਾਂਗਾਂ ਤੇ ਰਾਡਾਂ ਨਾਲ ਲੈਸ ਬੇਖੌਫ਼ ਹਮਲਾਵਰ ਦਿਨ-ਦਿਹਾੜੇ ਮਜ਼ਦੂਰ ਅਤੇ ਉਸ ਦੀ ਕੁੱਲੀ ਨੂੰ ਅੱਗ ਲਾ ਕੇ ਮੌਕੇ ਤੋਂ ਫਰਾਰ ਹੋ ਗਏ। ਅੱਗ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀਂ ਭੱਠਾ ਮਜ਼ਦੂਰ ਗੁਰਮੇਲ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਮਲੇਰਕੋਟਲਾ ਦਾਖਲ ਕਰਵਾਇਆ ਗਿਆ। ਫ਼ਿਲਹਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਗੁਰਮੇਲ ਸਿੰਘ ਨੇ ਗੁੰਡਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਚੁੱਕ ਕੇ ਮੱਚ ਰਹੀ ਕੁੱਲੀ ਵਿੱਚ ਸੁੱਟ ਦਿਤਾ।
ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਕਈ ਦਹਾਕਿਆਂ ਤੋਂ ਛੱਪੜ ਕੰਢੇ ਕੁੱਲੀ ਪਾ ਕੇ ਪਰਿਵਾਰ ਸਮੇਤ ਰਹਿ ਰਿਹਾ ਹੈ ਪਰ ਪਿੰਡ ਦੇ ਕੁੱਝ ਲੋਕ ਉਸ ਨੂੰ ਉੱਥੋਂ ਉਜਾੜਨ ਲਈ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ।
ਪਿੰਡ ਦੀ ਪੰਚਾਇਤ ਨੇ ਇੱਕ ਬਾਰ ਸਮਝੌਤਾ ਵੀ ਕਰਵਾ ਦਿੱਤਾ ਸੀ ਪਰ ਦੂਜੀ ਧਿਰ ਨੇ ਉਸ ਖਿਲਾਫ਼ ਅਦਾਲਤ ਵਿੱਚ ਕੇਸ ਪਾ ਦਿੱਤਾ। ਜ਼ਖਮੀਂ ਗੁਰਮੇਲ ਸਿੰਘ ਨੇ ਥਾਣਾ ਸੰਦੌੜ ਦੇ ਐੱਸ. ਐੱਚ. ਓ. 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ।
ਮਜ਼ਦੂਰ ਆਗੂ ਜੋਰਾ ਸਿੰਘ ਚੀਮਾ ਨੇ ਗੁਰਮੇਲ ਸਿੰਘ ਉੱਪਰ ਹਮਲਾ ਕਰਨ ਵਾਲੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਥਾਨਕ ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗ਼ਰੀਬ ਦਲਿਤ ਗੁਰਮੇਲ ਸਿੰਘ ਨੂੰ ਇਨਸਾਫ਼ ਨਾ ਦਿਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।