ਸੰਗਰੂਰ: ਜ਼ਿਲ੍ਹੇ ਵਿੱਚ ਇਕ ਵਾਰ ਮੁੜ ਅਧਿਆਪਿਕ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਾਰਾਜ਼ ਨਜ਼ਰ ਆਏ। 4161 ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰ ਰਹੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਤੇ ਅਧਿਆਪਕਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਝੜਪ ਵਿੱਚ ਅਧਿਆਪਕ ਬਲਵੀਰ ਸਿੰਘ ਮੰਗਲ ਸਿੰਘ ਅਤੇ ਇੱਕ ਹੋਰ ਅਧਿਆਪਕ ਦੀ ਜਾਨ ਚਲੀ ਗਈ ਅਤੇ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਕੇ ਅਧਿਆਪਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ।
ਨਿਯੁਕਤੀ ਪੱਤਰ ਮਿਲੇ, ਪਰ ਸਟੇਸ਼ਨ ਨਹੀਂ : 7 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ, ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਪੋਰਟਲ ਨਹੀਂ ਖੋਲ੍ਹਿਆ ਗਿਆ। ਸਾਰੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲਣ ਅਤੇ ਮੈਡੀਕਲ ਹੋਣ ਦੇ ਬਾਵਜੂਦ ਵੀ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ।
ਅਧਿਆਪਕ ਸਟੇਸ਼ਨ ਅਲਾਟਮੈਂਟ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਰਕਾਰ ਦੇ ਇਸ ਰਵੱਈਏ ਖਿਲਾਫ ਫਿਰ ਤੋਂ 4161 ਅਧਿਆਪਕ ਮੁੱਖ ਮੰਤਰੀ ਖਿਲਾਫ ਪ੍ਰਦਰਸ਼ਨ ਕਰਨ ਲਈ ਪਹੁੰਚੇ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇ ਲਾਏ ਤੇ ਕਿਹਾ ਕਿ ਸਾਡੀ ਭਰਤੀ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਮਹਿਲਾ ਅਧਿਆਪਿਕਾਂ ਤੇ ਮਹਿਲਾ ਮੁਲਾਜ਼ਮਾਂ ਨਾਲ ਵੀ ਆਪਸੀ ਬਹਿਸ ਹੋਈ। ਨੌਜਵਾਨਾਂ ਉੱਤੇ ਪੁਲਿਸ ਡੰਡੇ ਬਰਸਾਉਂਦੀ ਨਜ਼ਰ ਆਈ।
ਮਾਨ ਸਰਕਾਰ ਗੱਲਾਂ ਦੀ ਸਰਕਾਰ : ਪ੍ਰਦਰਸ਼ਨਕਾਰੀ ਅਧਿਆਪਿਕ ਜਰਨੈਲ ਕੌਰ ਨੇ ਕਿਹਾ ਕਿ ਸਾਨੂੰ ਲੁਧਿਆਣਾ ਬੁਲਾ ਕੇ ਨਿਯੁਕਤੀ ਪੱਤਰ ਦੇ ਕੇ ਲਾਲੀਪੌਪ ਦੇ ਦਿੱਤੇ ਅਸੀਂ ਰੁਜ਼ਗਾਰ ਲੈ ਕੇ ਵੀ ਬੇਰੁਜ਼ਗਾਰ ਹਾਂ। ਸਾਡੀਆਂ ਭਰਤੀਆਂ ਅਧੂਰੀਆਂ ਹਨ। ਸਾਡਾ ਧਰਨਾ ਹੁਣ ਸਕੂਲ ਜੁਆਨਿੰਗ ਨੂੰ ਲੈ ਕੇ ਹੋ ਰਿਹਾ ਹੈ। ਪ੍ਰਦਰਸ਼ਨਕਾਰੀ ਗੁਰਮੇਲ ਸਿੰਘ ਨੇ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਫਲੈਕਸਾਂ ਉੱਤੇ ਲਿਖਾਇਆ ਕਿ ਅਧਿਆਪਕ ਹੁਣ ਸਕੂਲਾਂ ਵਿੱਚ ਹਨ, ਪਰ ਅਸੀਂ ਅਸਲ ਵਿੱਚ ਅਸੀਂ ਸੜਕਾਂ ਉੱਤੇ ਹਾਂ। ਮਾਨ ਸਰਕਾਰ ਸਿਰਫ ਗੱਲਾਂ ਕਰ ਰਹੀ ਹੈ। ਨਿਯੁਕਤੀ ਪੱਤਰ ਵੰਡਣ ਦੇ ਡੇਢ ਮਹੀਨੇ ਤੋਂ ਬਾਅਦ ਵੀ ਸਾਨੂੰ ਸਕੂਲ ਅਲਾਟ ਨਹੀਂ ਕੀਤੇ ਗਏ।
ਸੀਐਮ ਮਾਨ ਦਾ ਕੰਮ ਬੋਲਦਾ ਹੁੰਦਾ ਤਾਂ ਅਸੀਂ ਇੱਥੇ ਨਾ ਬੋਲਦੇ : 4161 ਮਾਸਟਰ ਕੈਡਰ ਯੂਨੀਅਨ ਦੇ ਆਗੂ ਤੇ ਅਧਿਆਪਕ ਸੰਦੀਪ ਗਿੱਲ ਨੇ ਕਿਹਾ ਕਿ ਨਿਯੁਕਤੀ ਪੱਤਰ ਲੈਣ ਦੀ ਖੁਸ਼ੀ ਵਿੱਚ ਸਾਡੇ ਕਈ ਸਾਥੀਆਂ ਨੇ ਪ੍ਰਾਈਵੇਟ ਨੌਕਰੀ ਛੱਡ ਕੇ ਘਰ ਬੈਠ ਗਏ। ਪਰ, ਡੇਢ ਮਹੀਨੇ ਬਾਅਦ ਵੀ ਸਾਨੂੰ ਸਕੂਲ ਅਲਾਟ ਨਹੀਂ ਕੀਤੇ ਗਏ। ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਿਕਾਂ ਦੀ ਘਾਟ ਹੈ, ਪਰ ਸਰਕਾਰ ਵੱਲੋਂ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਸੀਐਮ ਮਾਨ ਜੋ ਕਹਿ ਰਹੇ ਹਨ ਕਿ ਸਾਡਾ ਕੰਮ ਬੋਲਦਾ ਹੈ, ਪਰ ਜੇਕਰ ਕੰਮ ਬੋਲਦਾ ਹੁੰਦਾ ਤਾਂ, ਅਸੀਂ ਅੱਜ ਇੱਥੇ ਨਾ ਬੋਲਦੇ। ਉਨ੍ਹਾਂ ਮੰਗ ਕੀਤੀ ਸਾਨੂੰ ਸਕੂਲ ਅਲਾਟ ਕਰਵਾਏ ਜਾਣ, ਤਾਂ ਜੋ ਅਸੀਂ ਉੱਥੇ ਜਾ ਕੇ ਸੇਵਾ ਦੇ ਸਕੀਏ।
ਇਹ ਵੀ ਪੜ੍ਹੋ: No Driver in Fire Department : ਪੰਜਾਬ ਸਰਕਾਰ ਵੱਲੋਂ ਭੇਜੀਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਲੋਕਾਂ ਦੀ ਮਦਦ ਕਰਨ 'ਚ ਅਸਮਰਥ !