ਸੰਗਰੂਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਸਰਕਾਰ ਸਮੇਂ ਦੇ ਮੰਤਰੀਆਂ ਵੱਲੋਂ ਕੀਤੇ ਕੰਮਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਸਮੇਂ ਰਹੇ ਮੰਤਰੀਆਂ ਨੂੰ ਵੱਖ-ਵੱਖ ਸਮੇਂ ਉੱਤੇ ਸੰਮਨ ਭੇਜ ਵਿਜੀਲੈਂਸ ਦਫ਼ਤਰ ਵਿੱਚ ਤਲਬ ਕੀਤਾ ਜਾ ਰਿਹਾ ਹੈ । ਦੱਸ ਦਈਏ ਹੁਣ ਵਿਜੀਲੈਂਸ ਵਿਭਾਗ ਦੀ ਰਡਾਰ ਉੱਤੇ ਕਾਂਗਰਸ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਹਨ। ਸਿੰਗਲਾ ਨੂੰ ਪੰਜਾਬ ਵਿਜੀਲੈਂਸ ਵਿਭਾਗ ਨੇ ਸੰਮਨ ਭੇਜ ਕੇ 17 ਮਾਰਚ ਨੂੰ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਦੱਸ ਦਈਏ ਵਿਜੀਲੈਂਸ ਵਿਭਾਗ ਵੱਲੋਂ ਵਿਜੇਇੰਦਰ ਸਿੰਗਲਾ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਧਰਮ ਪਤਨੀ ਤੋਂ ਇਲਾਵਾ ਉਹਨਾਂ ਦੇ ਪੁੱਤਰ ਦੇ ਨਾਮ ਜ਼ਮੀਨਾਂ ਦਾ ਵੇਰਵਾ ਵੀ ਮੰਗਿਆ ਗਿਆ ਹੈ। ਹੁਣ ਤਕ ਵਿਜੀਲੈਂਸ ਵੱਲੋਂ ਸਿੰਗਲਾ ਦੇ ਦੋ ਨਜ਼ਦੀਕੀਆਂ ਨੂੰ ਬੁਲਾ ਕੇ ਪੁੱਛਗਿੱਛ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਵਿਜੇਇੰਦਰ ਸਿੰਗਲਾ ਇੱਕ ਭ੍ਰਿਸ਼ਟ ਮੰਤਰੀ ਹਨ ਅਤੇ ਜੇਕਰ ਪੰਜਾਬ ਵਿਜੀਲੈਂਸ ਵੱਲੋਂ ਉਨ੍ਹਾਂ ਖ਼ਿਲਾਫ਼ ਜਾਂਚ ਤੋਂ ਬਾਅਦ ਐਕਸ਼ਨ ਹੁੰਦਾ ਹੈ ਤਾਂ ਇਹ ਸੰਗਰੂਰ ਦੀ ਜਨਤਾ ਨਾਲ ਇਨਸਾਫ਼ ਹੋਵੇਗਾ।
ਕਾਂਗਰਸੀ ਮੰਤਰੀ ਰਡਾਰ ਉੱਤੇ: ਦੱਸ ਦਈਏ ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਮੰਤਰੀਆਂ ਉੱਤੇ ਵਿਜੀਲੈਂਸ ਵਿਭਾਗ ਦੀ ਮਾਰ ਪੈ ਚੁੱਕੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਵਿਭਾਗ ਲਗਾਤਾਰ ਐਕਸ਼ਨ ਵਿੱਚ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ ਰਹੇ ਮੰਤਰੀਆਂ ਦੀ ਲਿਸਟ ਵੀ ਲੰਮੀ ਹੈ ਜਿੰਨ੍ਹਾਂ ਉੱਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਦੱਸ ਦਈਏ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈਆਂ ਕਰ ਰਹੀ ਅਤੇ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਉਹ ਇਮਾਨਦਾਰ ਹਨ ਜਾਂ ਬੇਈਮਾਨ ?
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਧੀਨ ਕਾਰਵਾਈ: ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਨ੍ਹਾਂ ਵੱਲੋਂ ਖੁੱਦ ਦੇ ਮੰਤਰੀਆਂ ਉੱਤੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਧੀਨ ਕਾਰਵਾਈ ਕੀਤੀ ਗਈ ਹੈ ਫਿਰ ਭਾਵੇਂ ਉਹ ਸਾਬਕਾ ਮੰਤਰੀ ਵਿਜੇ ਸਿੰਗਲਾ ਹੋਣ ਜਾ ਫਿਰ ਵਿਧਾਇਕ ਅਮਿਤ ਰਤਨ ਹੋਣ। ਆਮ ਆਦਮੀ ਪਾਰਟੀ ਨੇ ਰਿਸ਼ਵਤਖੋਰਾਂ ਅਤੇ ਘੁਟਾਲਿਆਂ ਵਿੱਚ ਸ਼ਾਮਿਲ ਕਿਸੇ ਵੀ ਸ਼ਖ਼ਸ ਅਤੇ ਮੰਤਰੀ ਨੂੰ ਹੁਣ ਤੱਕ ਬਖ਼ਸ਼ਿਆ ਨਹੀਂ ਹੈ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਸੈਸ਼ਨ ਅੰਦਰ ਵੀ ਇਸ ਮਾਮਲੇ ਉੱਤੇ ਲਗਾਤਾਰ ਕਈ ਵਾਰ ਬਹਿਸ ਹੋ ਚੁੱਕੀ ਹੈ।
ਇਹ ਵੀ ਪੜ੍ਹੋ: Concern about the waters: ਵਿਸ਼ਵ ਪ੍ਰਸਿੱਧ ਵਿਗਿਆਨੀ ਨੇ ਪੰਜਾਬ ਦੇ ਪਾਣੀਆਂ ਉੱਤੇ ਜਤਾਈ ਚਿੰਤਾ