ਸੰਗਰੂਰ : ਲਹਿਰਾਗਾਗਾ ਪਹੁੰਚੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਫਤਹਿਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਰਗਾ ਨਲਾਇਕ ਅਤੇ ਨਿਕੰਮਾ ਵਿਅਕਤੀ ਕੋਈ ਨਹੀਂ ਹੋ ਸਕਦਾ। ਕਿਉਂਕਿ ਭਗਵੰਤ ਮਾਨ ਨੇ ਜਨਤਾ ਨੂੰ ਝੂਠ ਬੋਲ ਕੇ, ਗੁਮਰਾਹ ਕਰ ਕੇ ਅਤੇ ਸਬਜ਼ਬਾਗ ਦਿਖਾ ਕਿ ਬੇਈਮਾਨੀ ਵਰਤਦਿਆਂ ਸਰਕਾਰ ਬਣਾਈ ਹੈ। ਇਸ ਲਈ ਇਸ ਦਾ ਨਾਮ ਭਗਵੰਤ ਸਿੰਘ ਮਾਨ ਨਹੀਂ ਭਗਵੰਤ ਸਿੰਘ ਬੇਈਮਾਨ ਰੱਖਿਆ ਜਾਵੇ।
ਪੰਜਾਬ ਦੀ ਅੱਧੀ ਪੁਲਿਸ ਭਗਵੰਤ ਮਾਨ ਤੇ ਉਸ ਦੇ ਪਰਿਵਾਰ ਕੋਲ : ਇਸ ਦੌਰਾਨ ਸੁਖਬੀਰ ਬਾਦਲ ਨੇ ਸਿੱਧੂ ਮੂਸੇਵਾਲੇ ਦੇ ਕਤਲ ਦਾ ਦੋਸ਼ੀ ਭਗਵੰਤ ਸਿੰਘ ਸਿੰਘ ਮਾਨ ਨੂੰ ਦੱਸਦਿਆਂ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਉਣ ਕਾਰਨ ਹੀ ਉਸ ਦਾ ਕਤਲ ਹੋਇਆ ਹੈ। ਪੰਜਾਬ ਦੀ ਅੱਧੀ ਪੁਲਸ ਤਾਂ ਭਗਵੰਤ ਮਾਨ ਅਤੇ ਉਸ ਦੇ ਪਰਿਵਾਰ ਨਾਲ ਚੱਲ ਰਹੀ ਹੈ। ਜਦੋਂ ਕਿ ਉਹ ਵਿਰੋਧੀ ਪਾਰਟੀ ਵਿਚ ਹੁੰਦਿਆਂ ਸਰਕਾਰਾਂ ਦੇ ਗੰਨਮੈਨਾਂ ਸਬੰਧੀ ਮਜ਼ਾਕ ਉਡਾਇਆ ਕਰਦਾ ਸੀ, ਪਰ ਅੱਜ ਆਪ ਹੀ ਖ਼ੁਦ ਮਜ਼ਾਕ ਦਾ ਪਾਤਰ ਬਣ ਚੁੱਕਿਆ ਹੈ।
ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਭਿਆਨਕ : ਬਾਦਲ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਭਿਆਨਕ ਹੈ। ਹਰ ਰੋਜ਼ ਫ਼ਿਰੌਤੀਆਂ, ਕਤਲੋਗਾਰਦ, ਲੁੱਟਾਂ-ਖੋਹਾਂ ਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਪਰ ਪੰਜਾਬ ਦੀ ਪੁਲਿਸ ਸਕਿਉਰਿਟੀ ਮਾਨ ਪਰਿਵਾਰ ਦੀ ਕਰ ਰਹੀ ਹੈ, ਜਿਸ ਕਾਰਨ ਪੰਜਾਬ ਵਿਚ ਜਿਥੇ ਅਰਾਜਕਤਾ ਦਾ ਮਾਹੌਲ ਹੈ, ਉਥੇ ਹੀ ਪੰਜਾਬ ਦੇ ਕਾਰੋਬਾਰੀ ਘਬਰਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਮਾੜੀ ਸਰਕਾਰ ਕਦੇ ਨਹੀਂ ਆ ਸਕਦੀ। ਰੇਤੇ ਦੇ ਰੇਟਾਂ ਸਬੰਧੀ ਸੁਖਬੀਰ ਬਾਦਲ ਨੇ ਕਿਹਾ, ਕਿ ਰੇਤੇ ਦੇ ਰੇਟ ਘਟਾਉਣ ਸਬੰਧੀ ਦਿੱਤੇ ਬਿਆਨ ਇਕ ਡਰਾਮੇ ਤੋਂ ਵੱਧ ਕੁਝ ਵੀ ਨਹੀਂ। ਕਿਉਂਕਿ ਸਾਢੇ ਪੰਜ ਰੁਪਏ ਕਿਉਸਿਕ ਫੁੱਟ ਤੋਂ ਇਲਾਵਾ ਇਸ ਦੀ ਪੁਟਾਈ, ਢੋਆ-ਢੁਆਈ ਅਤੇ ਹੋਰ ਖਰਚੇ ਵੱਖਰੇ ਹਨ।