ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਦੌਰਾਨ ਵੀ ਉਨ੍ਹਾਂ ਨੇ ਪੰਜਾਬ ਦੀ ਸਿਆਸਤ 'ਤੇ ਕਾਬਜ਼ ਕਾਂਗਰਸ ਸਰਕਾਰ 'ਤੇ ਨਿਸ਼ਾਨ ਵਿੰਨ੍ਹੇ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਜਦੋਂ ਵੀ ਸੱਤਾ ਵਿੱਚ ਆਉਂਦੀ ਹੈ, ਉਹ ਸ਼ਹੀਦਾਂ ਦਾ ਸਨਮਾਨ ਨਹੀਂ ਕਰਦੀ ਅਤੇ ਨਾ ਹੀ ਉਨ੍ਹਾਂ ਦੇ ਨਾਂਅ 'ਤੇ ਕੋਈ ਯਾਦਗਾਰ ਬਣਾਉਂਦੀ ਹੈ।
ਇਸ ਦੌਰਾਨ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੌਕੇ ਗ਼ੈਰ-ਹਾਜ਼ਰੀ ਬਾਰੇ ਕਿਹਾ ਕਿ ਉਹ ਤਾਂ ਬੱਸ ਸਾਢੇ ਤਿੰਨ ਸਾਲਾਂ ਵਿੱਚ ਦਰਬਾਰ ਸਾਹਿਬ ਹੀ ਗਏ ਹਨ, ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਕਿਸੇ ਹੋਰ ਥਾਂ 'ਤੇ ਕਦਮ ਵੀ ਨਹੀਂ ਰੱਖਿਆ। ਉਨ੍ਹਾਂ ਕੈਪਟਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ, 'ਕੈਪਟਨ ਨਾ ਤਾਂ ਭਗਤ ਸਿੰਘ ਦੀ ਜਗ੍ਹਾ 'ਤੇ ਗਿਆ ਅਤੇ ਨਾ ਹੀ ਊਧਮ ਸਿੰਘ ਦੀ ਜਗ੍ਹਾ ਤੇ, ਬੱਸ ਉਨ੍ਹਾਂ ਦਾ ਮਕਸਦ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸੱਤਾ 'ਤੇ ਕਾਬਜ਼ ਹੋਣਾ ਸੀ। ਉਨ੍ਹਾਂ ਦੇ ਮਨ ਵਿੱਚ ਸ਼ਹੀਦਾਂ ਨੂੰ ਲੈ ਕੇ ਕੋਈ ਦਰਦ ਨਹੀਂ ਹੈ।'