ਸੰਗਰੂਰ: ਇਲਾਕੇ ਵਿੱਚ ਅਜੇ ਮਾਨਸੂਨ ਦਾ ਤੀਜਾ ਮੀਂਹ ਹੀ ਪਿਆ ਹੈ ਪਰ ਭਵਾਨੀਗੜ੍ਹ ਦੇ ਇਲਾਕੇ ਵਿੱਚ ਮੀਂਹ ਦੇ ਪਾਣੀ ਨੇ ਨੇੜਲੇ ਦਰਜਨਾਂ ਪਿੰਡਾਂ ਦੀ ਫ਼ਸਲ ਤਬਾਹ ਕਰ ਦਿੱਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਨਹੀਂ ਹੈ ਹੁਣ ਇਹ ਹੜ੍ਹ ਬਣ ਗਿਆ ਹੈ ਜਿਸ ਨੇ ਦਰਜਨ ਤੋਂ ਜ਼ਿਆਦਾ ਪਿੰਡਾਂ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਮੰਜੇ ਅਤੇ ਬੰਨ੍ਹ ਲਾ ਕੇ ਪਾਣੀ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਨਹੀਂ ਰੁਕ ਰਿਹਾ।
ਕਿਸਾਨਾਂ ਨੇ ਕਿਹਾ ਕਿ ਇਹ ਪਾਣੀ ਦੂਜੇ ਪਿੰਡਾਂ ਦੇ ਨਾਲ-ਨਾਲ ਆਰਮੀ ਦੀ ਜ਼ਮੀਨ ਵਿੱਚੋਂ ਵੀ ਆਉਂਦਾ ਹੈ, ਉੱਥੇ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਫ਼ੌਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਕੋਈ ਢੁਕਵਾਂ ਪ੍ਰਬੰਧ ਕਰਨ।
ਉਨ੍ਹਾਂ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਨਾ ਤਾਂ ਸਰਕਾਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਅਤੇ ਨਾ ਹੀ ਇਸ ਦਾ ਕੋਈ ਢੁਕਵਾਂ ਹੱਲ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਜਾਂ ਤਾਂ ਕੋਈ ਸੂਆ ਬਣਾਇਆ ਜਾਵੇ ਜਾਂ ਫਿਰ ਕੋਈ ਪਾਈਪ ਪਾ ਕੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ।