ਮਲੇਰਕੋਟਲਾ: ਸ਼ਹਿਰ ਦੇ ਨਾਲ ਲਗਦੇ ਪਿੰਡ ਖੁਰਦ ਵਿਖੇ ਇੱਕ ਗ਼ਰੀਬ ਪਰਿਵਾਰ ਦੀ ਮੀਂਹ ਕਾਰਨ ਛੱਤ ਡਿੱਗ ਪਈ। ਇਸ ਪਰਿਵਾਰ ਵਿੱਚ ਕੁੱਲ 3 ਜੀਅ ਹਨ ਜਿਨ੍ਹਾਂ ਵਿੱਚ 2 ਸਕੀਆਂ ਭੈਣਾਂ ਦਿਵਿਆਂਗ ਹਨ ਅਤੇ ਉਨ੍ਹਾਂ ਦਾ ਇੱਕ ਭਰਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ। ਬੀਤੇ ਦਿਨੀਂ ਮੀਂਹ ਅਤੇ ਹਨੇਰੀ ਕਾਰਨ ਉਨ੍ਹਾਂ ਦੇ ਘਰ ਦੀ ਟੀਨ ਦੀ ਛੱਤ ਉੱਡ ਗਈ, ਜਿਸ ਕਰਕੇ ਹੁਣ ਉਨ੍ਹਾਂ ਨੂੰ ਬਿਨ੍ਹਾਂ ਛੱਤ ਤੋਂ ਬਾਹਰ ਹੀ ਰਹਿਣਾ ਪੈ ਰਿਹਾ ਹੈ।
ਦੱਸ ਦਈਏ ਕਿ ਦੋਵੇਂ ਸਕੀਆਂ ਭੈਣਾਂ ਬਚਪਨ ਤੋਂ ਹੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਹਨ। ਉਨ੍ਹਾਂ ਦਾ ਇਕਲੌਤਾ ਭਰਾ ਦਿਹਾੜੀ ਕਰਕੇ ਉਨ੍ਹਾਂ ਨੂੰ ਪਾਲ ਰਿਹਾ ਹੈ। ਉਨ੍ਹਾਂ ਦੇ ਭਰਾ ਮੁਹੰਮਦ ਸ਼ਕੀਲ ਨੇ ਦੱਸਿਆ ਕਿ ਉਹ ਖ਼ੁਦ ਵੀ ਦਿਲ ਦੀ ਬਿਮਾਰੀ ਨਾਲ ਜੂਝ ਰਿਹਾ ਹੈ।
ਇਸ ਦੇ ਨਾਲ ਹੀ ਸ਼ਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣਾਂ ਦਿਵਿਆਂਗ ਹੋਣ ਕਰਕੇ ਚੱਲ ਵੀ ਸਕਦੀਆਂ ਅਤੇ ਖ਼ੁਦ ਖਾ ਵੀ ਨਹੀਂ ਸਕਦੀਆਂ। ਹੁਣ ਘਰ ਦੀ ਛੱਤ ਨਾ ਹੋਣ ਕਰਕੇ ਉਨ੍ਹਾਂ ਬਾਹਰ ਹੀ ਰਹਿਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਕੀਲ ਨੇ ਦੱਸਿਆ ਕਿ ਮੁੜ ਤੋਂ ਛੱਤ ਪਾਉਣ ਲਈ ਕੁਝ ਪੈਸੇ ਪਿੰਡ ਵਾਲਿਆਂ ਵੱਲੋਂ ਦਿੱਤੇ ਗਏ ਹਨ ਅਤੇ ਕੁਝ ਪੈਸੇ ਉਨ੍ਹਾਂ ਨੇ ਉਧਾਰ ਲਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਘਰ ਦਾ ਗੁਜ਼ਾਰਾ ਚਲਾਉਣ ਲਈ ਵੀ ਪਿੰਡ ਵਾਲਿਆਂ ਵੱਲੋਂ ਮਦਦ ਕੀਤੀ ਜਾਂਦੀ ਹੈ।