ਲਹਿਰਾਗਾਗਾ: ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਸਮੇਤ ਕਈ ਸੰਸਥਾਵਾਂ ਤੇ ਕਈ ਜਥੇਬੰਦੀਆਂ ਵੱਲੋਂ ਸੁਨਾਮ ਲਹਿਰਾ ਰੋਡ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਰਹੇ।
ਰੋਸ ਮੁਜ਼ਾਹਰਾਕਾਰੀ ਪੀੜਤ ਦਲਿਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਜਗਮੇਲ ਸਿੰਘ ਦੀ ਵਿਧਵਾ ਨੂੰ ਪੈਨਸ਼ਨ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਪਰਿਵਾਰ ਨੇ ਦੋਸ਼ੀਆਂ ਨੂੰ ਸਖ਼ਤ ਸਜਾ ਦੋਣ ਦੀ ਮੰਗ ਕੀਤੀ ਹੈ ਅਤੇ ਪਰਿਵਾਰ ਨੇ ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਮਾਨ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਖਿਲਾਫ਼ ਸਵਾਲ ਖੜੇ ਕੀਤੇ ਹਨ। ਦੂਜੇ ਪਾਸੇ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਰਿਵਾਰ ਨੂੰ ਹਰ ਬਣਦਾ ਸਹਿਯੋਗ ਦੇਣ ਦੀ ਗੱਲ ਕਹੀ ਹੈ।
ਦੱਸਦਈਏ ਕਿ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਦਲਿਤ ਵਿਅਕਤੀ ਜਗਮੇਲ ਸਿੰਘ ਨੂੰ ਚਾਰ ਨੌਜਵਾਨਾਂ ਨੇ ਤਿੰਨ ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਬਲਕਿ ਕਥਿਤ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ 'ਤੇ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪਿਸ਼ਾਬ ਪਿਲਾਇਆ ਸੀ। ਇਸ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਪੀੜਤ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।