ਮਲੇਰਕੋਟਲਾ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਸੰਦੌੜ 'ਚ ਵਾਟਰ ਵਰਕਸ ਦੀ ਟੈਂਕੀ 'ਤੇ ਤਾਇਨਾਤ ਚੌਕੀਦਾਰ ਲਾਭ ਸਿੰਘ ਦੀ ਕੁਝ ਲੋਕਾਂ ਵੱਲੋਂ ਕੁਟਮਾਰ ਕਰਨ ਤੋਂ ਬਾਅਦ ਅੱਜ ਉਸ ਦੀ ਲੁਧਿਆਣਾ ਦੇ ਗੁਰਦੇਵ ਹਸਪਤਾਲ 'ਚ ਮੌਤ ਹੋ ਗਈ ਹੈ।
ਬੀਤੇ ਦਿਨੀਂ ਇੱਕ ਘਰ ਦੀ ਟੈਂਕੀ ਦੀ ਸਫ਼ਾਈ ਦੇ ਦੌਰਾਨ ਕੁਝ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵੀ ਵਾਇਰਲ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਲਾਭ ਸਿੰਘ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲਾਭ ਸਿੰਘ ਇੱਕ ਇਮਾਨਦਾਰ ਵਰਕਰ ਸੀ। ਉਸ ਨੂੰ ਨਾਜਾਇਜ਼ ਕੁੱਟਮਾਰ ਕਰਕੇ ਮਾਰਿਆ ਗਿਆ ਹੈ। ਦੂਜੇ ਪਾਸੇ ਲਾਭ ਸਿੰਘ ਦੇ ਹੱਕ 'ਚ ਕੁਝ ਜਥੇਬੰਦੀਆਂ ਵੀ ਆਈਆਂ ਜਿਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ ਗਈ ਹੈ।