ਲਹਿਰਾਗਾਗਾ: ਕਣਕ ਦੀ ਖਰੀਦ ਲਈ ਚੱਲ ਰਹੇ ਪਾਸ ਸਿਸਟਮ ਪ੍ਰਤੀ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਮੂਨਕ ਦੀ ਅਨਾਜ ਮੰਡੀ ਪੁੱਜੇ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪਤਾ ਲੱਗਿਆ ਕਿ ਪਾਸ ਸਿਸਟਮ ਤਹਿਤ ਬਹੁਤ ਘੱਟ ਪਾਸ ਹੀ ਜਾਰੀ ਕੀਤੇ ਗਏ ਹਨ। ਮੰਡੀਆਂ ਵਿੱਚ ਕੋਈ ਵੀ ਪ੍ਰਬੰਧ ਸਹੀ ਨਹੀਂ ਹਨ ਅਤੇ ਉਨ੍ਹਾਂ ਦੀ ਵੰਡ ਵੀ ਬਹੁਤ ਮਾੜੇ ਤਰੀਕੇ ਨਾਲ ਕੀਤੀ ਗਈ ਹੈ। ਕਿਤੇ ਤਾਂ ਸ਼ੈਲਰਾਂ ਵਿੱਚ ਬਣੀਆਂ ਮੰਡੀਆਂ ਵਿੱਚ ਵੱਧ ਪਾਸ ਜਾਰੀ ਕੀਤੇ ਹਨ ਅਤੇ ਕਿਤੇ ਅਨਾਜ ਮੰਡੀ ਵਿੱਚ ਬੈਠੇ ਆੜ੍ਹਤੀਆਂ ਨੂੰ ਬਹੁਤ ਘੱਟ ਪਾਸ ਜਾਰੀ ਕੀਤੇ ਗਏ ਹਨ।
ਕਈ ਆੜ੍ਹਤੀਏ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਜੇ ਤੱਕ ਪਾਸ ਹੀ ਪ੍ਰਾਪਤ ਨਹੀਂ ਹੋਏ, ਜਿਸ ਕਾਰਨ ਉਹ ਆਪਣੇ ਕਿਸਾਨਾਂ ਨੂੰ ਪਾਸ ਜਾਰੀ ਨਹੀ ਕਰ ਸਕੇ ਤੇ ਕਿਸਾਨ ਨਰਾਜ਼ ਹਨ। ਇਸ ਤੋਂ ਬਾਅਦ ਜਦੋਂ ਕਿਸਾਨਾਂ ਵੱਲੋਂ ਮੰਡੀ ਦੇ ਗੇਟ ਉੱਤੇ ਹੀ ਮੋਸਚਰ ਮਸ਼ੀਨ ਨਾਲ ਕਣਕ ਦੀ ਨਮੀ ਚੈੱਕ ਕੀਤੀ ਜਾਂਦੀ ਹੈ ਤਾਂ ਉਹ ਬਿਲਕੁੱਲ ਠੀਕ ਪਾਈ ਜਾਂਦੀ ਹੈ।
ਇਸ ਮੌਕੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਸ ਜਾਰੀ ਨਾ ਹੋਣ ਕਾਰਨ ਕਣਕ ਬਹੁਤ ਹੀ ਥੋੜੀ ਮਾਤਰਾ ਵਿੱਚ ਆਉਂਦੀ ਹੈ ਅਤੇ ਉਨ੍ਹਾਂ ਨੂੰ ਦਿਹਾੜੀ ਵੀ ਪੂਰੀ ਨਹੀ ਪੈ ਰਹੀ।
ਕਿਸਾਨਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਕੱਢਿਆ ਜਾਵੇ ਅਤੇ ਵੱਧ ਤੋਂ ਵੱਧ ਪਾਸ ਜਾਰੀ ਕਰਕੇ ਕਿਸਾਨਾਂ ਦੀ ਕਣਕ ਖਰੀਦੀ ਜਾਵੇ ਕਿਉਂਕਿ ਰੋਜ਼ਾਨਾ ਹੀ ਮੀਂਹ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨ ਦੀ ਪੁੱਤਾਂ ਵਾਗ ਪਾਲੀ ਹੋਈ ਫਸਲ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ।