ਸੰਗਰੂਰ/ਮਲੇਰਕੋਟਲਾ: ਸਮਝੌਤਾ ਐਕਸਪ੍ਰੈੱਸ ਦੇ ਰੱਦ ਹੋਣ ਕਰਕੇ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕੌਮਾਂਤਰੀ ਸਿਆਸਤ ਨਾਲ ਨੁਕਸਾਨ ਦਾ ਭੁਗਤਾਨ ਆਮ ਲੋਕਾਂ ਨੂੰ ਕਰਨਾ ਪਵੇਗਾ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਵੀ ਹਰਕਤ ਵਿੱਚ ਆ ਗਿਆ ਹੈ। ਪਾਕਿਸਤਾਨ ਨੇ ਜਿੱਥੇ ਇੱਕ ਪਾਸੇ ਸਮਝੌਤਾ ਐਕਸਪ੍ਰੈੱਸ ਟ੍ਰੇਨ ਨੂੰ ਬੰਦ ਕਰ ਦਿੱਤਾ ਹੈ ਦੁਜੇ ਪਾਸੇ ਉੱਤਰੀ ਵਾਹਘਾ ਸਰਹੱਦ ਦਾ ਰਸਤਾ ਵੀ ਬੰਦ ਕਰ ਦਿੱਤਾ ਹੈ।
ਪਾਕਿ ਦੇ ਫ਼ੈਸਲੇ ਤੋਂ ਭਾਰਤੀ ਲੋਕ ਨਾਰਾਜ
ਪੰਜਾਬ ਦੇ ਸ਼ਹਿਰ ਮਲੇਰਕੋਟਲਾ ਦੇ ਲੋਕਾਂ ਨੇ ਪਾਕਿਸਤਾਨ ਦੇ ਇਸ ਫ਼ੈਸਲੇ ਦੀ ਨਖੇਦੀ ਕੀਤੀ ਹੈ। ਸ਼ਹਿਰ ਵਿੱਚ ਮੁਸਲਿਮ ਲੋਕਾਂ ਦੀ ਆਬਾਦੀ ਜ਼ਿਆਦਾ ਹੈ। ਇਥੇ ਦੇ ਲੋਕਾਂ ਦੀ ਪਾਕਿਸਤਾਨ ਵਿੱਚ ਬਹੁਤ ਰਿਸ਼ਤੇਦਾਰੀਆਂ ਹਨ। ਇਥੇ ਦੇ ਲੋਕਾਂ ਨੇ ਦੱਸਿਆ ਕਿ ਮਲੇਰਕੋਟਲਾ ਦੀਆਂ ਕੁੜੀਆਂ ਪਾਕਿਸਤਾਨ ਤੇ ਪਾਕਿਸਤਾਨ ਦੀਆਂ ਕੁੜੀਆਂ ਮਾਲੇਰਕੋਟਲਾ ਵਿੱਚ ਵਿਆਹ ਕੇ ਆਈਆ ਹੋਈਆਂ ਹਨ। ਇਸ ਦੇ ਨਾਲ ਲੋਕਾਂ ਦੀ ਹੋਰ ਵੀ ਕਈ ਗੂੜ੍ਹੀਆਂ ਰਿਸ਼ਤੇਦਾਰੀਆਂ ਹਨ। ਇਨ੍ਹਾਂ ਰਿਸ਼ਤੇਦਾਰੀਆਂ ਨੂੰ ਪਾਕਿਸਤਾਨ ਦੇ ਇਸ ਫ਼ੈਸਲੇ ਦਾ ਭਾਰ ਝੱਲਣਾ ਪਵੇਗਾ। ਲੋਕਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਹ ਫ਼ੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ ਹੈ। ਇਸ ਫ਼ੈਸਲੇ 'ਤੇ ਪਾਕਿ ਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੋਹਾਂ ਦੇਸ਼ਾ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਲੋਕਾਂ ਨੇ ਕੀਤੀ ਸਮਝੌਤਾ ਐਕਸਪ੍ਰੈੱਸ ਨੂੰ ਮੁੜ ਚਲਾਉਣ ਦੀ ਅਪੀਲ
ਇਸ ਮੋਕੇ ਲੋਕਾਂ ਨੇ ਇਹ ਵੀ ਕਿਹਾ ਕਿ ਜਿੱਥੇ ਇੱਕ ਦੂਜੇ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਦੂਰੀਆਂ ਵਧਣਗੀਆਂ ਉੱਥੇ ਹੀ ਜੋ ਵਪਾਰਕ ਢਾਂਚਾ ਹੈ ਉਸ 'ਤੇ ਵੀ ਅਸਰ ਪਵੇਗਾ। ਇਸ ਕਰਕੇ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਵਾਹਘਾ ਸਰਹੱਦ ਦਾ ਰਸਤਾ ਖੋਲ੍ਹਿਆ ਜਾਵੇ ਤੇ ਸਮਝੌਤਾ ਟ੍ਰੇਨ ਨੂੰ ਵੀ ਮੁੜ ਚਲਾਇਆ ਜਾਵੇ।