ਮਾਲੇਰਕੋਟਲਾ: ਇਹ ਸ਼ਹਿਰ ਜੋ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਰਿਹਾ ਹੈ ਤੇ ਇੱਥੋਂ ਕਈ ਤਰ੍ਹਾਂ ਦੀਆਂ ਮਿਸਾਲਾਂ ਵੀ ਦੇਸ਼ ਦੁਨੀਆਂ ਤੱਕ ਗਈਆਂ ਹਨ। ਜੇ ਤਾਜ਼ਾ ਮਿਸਾਲ ਦੀ ਗੱਲ ਕਰੀਏ ਤਾਂ ਮੁਸਲਿਮ ਭਾਈਚਾਰੇ ਵੱਲੋਂ ਸਿੱਖ-ਮੁਸਲਿਮ ਸਾਂਝਾ ਨਾਂਅ ਦੀ ਸੰਸਥਾ ਦੇ ਬੈਨਰ ਹੇਠਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਕਰੀਬ ਪੈਂਤੀ ਟਨ ਅਨਾਜ ਦੋ ਵੱਡੇ ਟਰੱਕ ਇਕੱਠਾ ਕਰ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਰਵਾਨਾ ਕੀਤਾ ਗਿਆ।
ਦੱਸ ਦਈਏ ਕਿ ਸਿੱਖ ਸਾਂਝਾ ਨਾਮਕ ਇੱਕ ਸੰਸਥਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਵੱਖ-ਵੱਖ ਭਾਈਚਾਰੇ ਦੇ ਲੋਕਾਂ ਤੋਂ ਅਨਾਜ ਇਕੱਠਾ ਕੀਤਾ ਗਿਆ ਤੇ ਇਹ ਅਨਾਜ ਪੈਂਤੀ ਟਨ ਵਜ਼ਨੀ ਹੋ ਗਿਆ ਜਿਸ ਨੂੰ ਦੋ ਟਰੱਕਾਂ ਦੇ ਵਿੱਚ ਭਰਿਆ ਗਿਆ ਹੈ ਅਤੇ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੱਲੋਂ ਇਨ੍ਹਾਂ ਨੂੰ ਰਵਾਨਾ ਕਰਨ ਦੇ ਲਈ ਹਰੀ ਝੰਡੀ ਦਿੱਤੀ।
ਉਧਰ ਇਸ ਮੌਕੇ ਮੌਜੂਦ ਵੱਖ-ਵੱਖ ਧਰਮਾਂ ਦੇ ਲੋਕ ਅਤੇ ਐੱਸਪੀ ਓਬਰਾਏ ਸਮਾਜ ਸੇਵੀ ਜੋ ਟਰੱਕਾਂ ਨੂੰ ਰਵਾਨਾ ਕਰਨ ਸਮੇਂ ਹਾਜ਼ਰ ਰਹੇ। ਓਬਰਾਏ ਨੇ ਕਿਹਾ ਕਿ ਸਿੱਖ ਅਤੇ ਮੁਸਲਿਮ ਵੀਰਾਂ ਦੀ ਆਪਸੀ ਸਾਂਝ ਸ਼ੁਰੂ ਤੋਂ ਹੀ ਹੈ ਅਤੇ ਦੋਹਾਂ ਵਿੱਚ ਆਪਸੀ ਪਿਆਰ ਵੀ ਬਹੁਤ ਹੈ।
ਉੱਥੇ ਹੀ ਮਾਲੇਰਕੋਟਲਾ ਦੇ ਸਮਾਜ ਸੇਵੀ ਡਾਕਟਰ ਨਸੀਰ ਨੇ ਬੋਲਦਿਆਂ ਕਿਹਾ ਕਿ ਭਾਵੇਂ ਕਿ ਮੁਸਲਿਮ ਤੇ ਸਿੱਖ ਧਰਮ ਵੱਖ-ਵੱਖ ਹਨ, ਪਰ ਇਹ ਦੋਵੇਂ ਹੀ ਮਨੁੱਖਤਾਂ ਦੀਆਂ ਦੋ ਸ਼ਾਖ਼ਾਵਾਂ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਾਂਝ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੋ ਹਮੇਸ਼ਾ ਚੱਲਦੀ ਰਹੇਗੀ।