ਮਲੇਰਕੋਟਲਾ: ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮਹੀਨਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਹ ਮਹੀਨਾ ਖਤਮ ਹੋਣ ਵਾਲਾ ਹੈ ਜਿਸ ਤੋਂ ਬਾਅਦ ਈਦ-ਉਲ-ਫਿਤਰ ਯਾਨੀ ਕਿ ਈਦ ਦਾ ਤਿਉਹਾਰ ਵੀ ਜਲਦ ਆ ਰਿਹਾ ਹੈ।
ਇਸ ਨੂੰ ਲੈ ਕੇ ਵੱਖ-ਵੱਖ ਮੁਸਲਿਮ ਸਮਾਜਿਕ ਧਾਰਮਿਕ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਨੂੰ ਲੈਟਰ ਜਾਰੀ ਕਰਕੇ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਈਦ ਦੀ ਨਮਾਜ਼ ਈਦਗਾਹ ਦੇ ਵਿੱਚ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਵੇ।
ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ ਅਤੇ ਮਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਵੱਲੋਂ ਈਟੀਵੀ ਭਾਰਤ ਦੇ ਮਾਧਿਅਮ ਰਾਹੀਂ ਮਲੇਰਟਕੋਟਲਾ ਵਾਸੀਆਂ ਨੂੰ ਖ਼ਾਸ ਅਪੀਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਈਦ ਦੀ ਨਮਾਜ਼ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ-ਆਪਣੇ ਘਰਾਂ ਦੇ ਵਿੱਚ ਅਦਾ ਕਰਨਗੇ ਅਤੇ ਸੋਸ਼ਲ ਡਿਸਟੈਂਸ ਨੂੰ ਮੈਂਟੇਨ ਕਰਕੇ ਰੱਖਣਗੇ। ਇੰਨਾ ਹੀ ਨਹੀਂ ਬਲਕਿ ਮੁਫਤੀ-ਏ-ਆਜ਼ਮ ਪੰਜਾਬ ਨੇ ਦੱਸਿਆ ਕਿ ਈਦਗਾਹ ਵਿੱਚ ਨਮਾਜ਼ ਨਾ ਪੜ੍ਹਨ ਦੀ ਸੂਰਤ ਵਿੱਚ ਮਸਜਿਦਾਂ 'ਚ ਨਮਾਜ਼ ਹੁੰਦੀ ਹੈ ਤੇ ਮਸਜਿਦਾਂ ਵਿੱਚ ਨਮਾਜ਼ ਨਾ ਹੋਣ ਉਪਰੰਤ ਘਰਾਂ ਦੇ ਵਿੱਚ ਨਮਾਜ਼ ਪੜ੍ਹੀ ਜਾ ਸਕਦੀ ਹੈ।
ਮਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਹੁੱਲੜਬਾਜ਼ੀ ਨਾ ਕਰੇ ਅਤੇ ਇਸ ਤਿਉਹਾਰ ਦੌਰਾਨ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ।