ਮਲੇਕੋਟਲਾ: ਕੋਈ ਤਾਂ ਹੋਵੇਗਾ ਜੋ ਇਸ ਮਾਂ ਦੇ ਹੰਝੂਆਂ ਦਾ ਦਰਦ ਸਮਝੇਗਾ, 15 ਸਾਲ ਪਹਿਲਾਂ ਇਸ ਮਾਂ ਨੇ ਪੁੱਤ ਦੀ ਖਾਹਿਸ਼ ਪੂਰੀ ਕਰਨ ਲਈ ਉਸਨੂੰ ਵੀਜ਼ੇ 'ਤੇ ਪਾਕਿਸਤਾਨ ਤਾਂ ਭੇਜ ਦਿੱਤਾ, ਪਰ 85 ਸਾਲ ਦੀ ਇਸ ਮਾਂ ਦੀਆਂ ਅੱਖਾਂ ਅੱਜ ਵੀ ਪੁੱਤ ਦਾ ਰਾਹ ਵੇਖ ਰਹੀਆਂ ਹਨ।
ਸਾਲ 2003 'ਚ ਇਸ ਮਾਂ ਦਾ ਗੁਲਾਮ ਫਰੀਦ ਨਾਂਅ ਦਾ ਨੌਜਵਾਨ ਪੁੱਤ ਪਾਕਿਸਤਾਨ ਤਾਂ ਚਲਾ ਗਿਆ, ਪਰ ਕਦੇ ਵਾਪਸ ਨਾ ਪਰਤ ਸਕਿਆ, ਇੱਕ ਵਾਰ ਫੋਨ ਵੀ ਆਇਆ, ਬਸ ਇੰਨਾ ਪਤਾ ਲੱਗਿਆ ਕਿ ਗੁਲਾਮ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਐ ਤੇ ਉਹ ਉੱਥੇ ਦੀ ਲਖਪਤ ਜੇਲ੍ਹ 'ਚ ਬੰਦ ਹੈ।
28 ਅਗਸਤ, 1990 'ਚ ਤਰਨਤਾਰਨ ਦੇ ਭਿੱਖੀਵਿੰਡ ਦਾ ਸਰਬਜੀਤ ਸਿੰਘ ਗਲਤੀ ਨਾਲ ਪਾਕਿਸਤਾਨ ਤਾਂ ਚਲਾ ਗਿਆ, ਪਰ 23 ਸਾਲਾਂ ਦੀ ਜੱਦੋਜਹਿਦ ਤੋਂ ਬਾਅਦ ਵਤਨ ਪਰਤੀ ਤਾਂ ਉਸਦੀ ਲਾਸ਼, ਸਰਬਜੀਤ ਨੂੰ ਲਾਹੌਰ ਤੇ ਫੈਸਲਾਬਾਦ 'ਚ ਹੋਏ ਬੰਬ ਧਮਾਕਿਆਂ ਦਾ ਮੁਲਜ਼ਮ ਬਣਾਕੇ ਜੇਲ੍ਹ 'ਚ ਰੱਖਿਆ ਗਿਆ। ਸਰਬਜੀਤ ਖੁਸ਼ਕਿਸਮਤ ਸੀ ਕਿ ਉਸ ਕੋਲ ਦਲਬੀਰ ਵਰਗੀ ਭੈਣ ਸੀ, ਜਿਸਨੇ ਦੇਸ਼ਭਰ 'ਚ ਉਸਦੇ ਭਰਾ ਨੂੰ ਵਾਪਿਸ ਲਿਆਉਣ ਦਾ ਹੌਕਾ ਲਗਾਇਆ, ਪਰ ਮਲੇਰਕੋਟਲਾ ਦੇ ਗੁਲਾਮ ਦੇ ਪਿੱਛੇ ਉਨ੍ਹਾਂ ਦੇ ਬਜ਼ੁਰਗ ਮਾਂ-ਬਾਪ ਹਨ, ਮਾਂ ਦੀ ਹਾਲਤ ਵੇਖ ਸੱਚ ਰੂਹ ਕੰਬ ਜਾਂਦੀ ਹੈ।
ਸਰਬਜੀਤ ਨੂੰ ਪਾਕਿਸਤਾਨ 'ਚ ਦੋਸ਼ੀ ਬਣਾ ਕੇ ਜੇਲ੍ਹ 'ਚ ਉਸ 'ਤੇ ਅਨੇਕਾਂ ਤਸ਼ੱਦਦ ਕੀਤੇ ਗਏ, ਹੁਣ ਗੁਲਾਮ ਨੂੰ ਪਾਕਿ ਗਏ 15 ਸਾਲ ਬੀਤ ਗਏ ਹਨ। ਜਿਸ ਉਮਰ 'ਚ ਪੁੱਤ ਦਾ ਮੋਢਾ ਹੀ ਮਾਂ-ਬਾਪ ਦਾ ਸਹਾਰਾ ਬਣਦਾ ਹੈ, ਉਸ ਉਮਰ 'ਚ ਗੁਲਾਮ ਦੇ ਮਾਂ-ਬਾਪ ਨੂੰ 15 ਸਾਲ ਹੋ ਗਏ ਉਡੀਕਦਿਆਂ, ਹੁਣ ਤਾਂ ਅੱਖਾਂ ਦੇ ਹੰਝੂ ਵੀ ਜਵਾਬ ਦੇ ਗਏ ਹਨ। ਸਥਾਨਕ ਲੋਕਾਂ ਨੇ ਵੀ ਪਰਿਵਾਰ ਦੀ ਹਾਲਤ ਵੇਖਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਲਦੀ ਹੀ ਕੋਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਉਮੀਦ ਹੈ ਕਿ ਸਰਕਾਰਾਂ ਏਸ ਮਾਂ ਦੇ ਹੰਝੂਆਂ ਦਾ ਮੁੱਲ ਜ਼ਰੂਰ ਪਾਉਣਗੀਆਂ, ਈਟੀਵੀ ਭਾਰਤ ਵੀ ਦੁਆ ਕਰਦੈ ਜਲਦੀ ਹੀ ਇਨ੍ਹਾਂ ਮੁਰਝਾਈਆਂ ਅੱਖਾਂ 'ਚ ਖੇੜੇ ਦਾ ਲਿਸ਼ਕੋਰ ਭਰ ਆਵੇ।