ਮਲੇਰਕੋਟਲਾ: ਪਿਆਜ਼ਾਂ ਤੋਂ ਵੱਧ ਹੁਣ ਦੁੱਧ ਦੇ ਰੇਟ ਰਸੋਈ ਦਾ ਬਜਟ ਵਿਗਾੜ ਸਕਦੇ ਹਨ। ਮਲੇਰਕੋਟਲਾ ਦੀ ਡੇਅਰੀ ਫਾਰਮਿੰਗ ਯੂਨੀਅਨ ਨੇ ਦੁੱਧ ਦੇ ਰੇਟਾਂ 'ਚ ਪੰਜ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮਲੇਰਕੋਟਲਾ ਦੇ ਡੇਅਰੀ ਫਾਰਮਿੰਗ ਯੂਨੀਅਨ ਵੱਲੋਂ ਮਲੇਰਕੋਟਲਾ ਦੇ ਦੁਕਾਨਦਾਰਾਂ ਨਾਲ ਮਿਲ ਕੇ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਰੋਜ਼ਾਨਾ ਦੇ ਇਸਤੇਮਾਲ ਹੋਣ ਵਾਲੇ ਹਰੇ ਚਾਰੇ ਤੋਂ ਇਲਾਵਾ ਪਸ਼ੂਆਂ ਨੂੰ ਪਾਉਣ ਵਾਲੀ ਫੀਡ ਵੀ ਦਿਨ ਪ੍ਰਤੀ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ।
ਤਬੇਲਾ ਮਾਲਕਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਫੈਕਟਰੀਆਂ ਤੇ ਕਾਰਖਾਨਿਆਂ ਦੇ ਰੇਟ ਦੀ ਬਿਜਲੀ ਉਨ੍ਹਾਂ ਨੂੰ ਮਿਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਦਾ ਕੋਈ ਜਾਨਵਰ ਜਾਂ ਪਸ਼ੂ ਮਰ ਜਾਂਦਾ ਹੈ ਤਾਂ ਉਸ ਨੂੰ ਉਠਾਉਣ ਦੇ ਵੀ ਪੈਸੇ ਉਨ੍ਹਾਂ ਨੂੰ ਆਪ ਹੀ ਦੇਣੇ ਪੈਂਦੇ ਹਨ। ਸਰਕਾਰ ਵੱਲੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਕੀਤੀ ਜਾਂਦੀ।
ਉਨ੍ਹਾਂ ਦਾ ਕਹਿਣਾ ਸੀ ਕਿ ਦੁੱਧ ਦੇ ਰੇਟ ਵਧਾਉਣ ਦਾ ਫੈਸਲਾ ਉਨ੍ਹਾਂ ਨੂੰ ਮਜਬੂਰੀ ਕਾਰਨ ਲੈਣਾ ਪੈ ਰਿਹਾ ਹੈ ਕਿਉਂਕਿ ਮਹਿੰਗਾਈ ਕਾਰਨ ਪਸ਼ੂਆਂ ਦੀ ਸਾਂਭ-ਸੰਭਾਲ ਤੇ ਬਹੁਤ ਖਰਚਾ ਹੋ ਜਾਂਦਾ ਹੈ।