ਸੰਗਰੂਰ: ਸ਼ਹਿਰ ਮੂਣਕ ਵਿਖੇ - ਮਕੋਰੜ ਸਾਹਿਬ ਲਿੰਕ ਸੜਕ ਉੱਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਗਈ ਲੁੱਟ ਖੋਹ ਦੀ ਵਾਰਦਾਤ ਸਬੰਧੀ ਤੁਰੰਤ ਮੁਸਤੈਦੀ ਵਰਤਦਿਆਂ ਮੂਣਕ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇ ਮੁਲਜ਼ਮਾਂ ਵਿਚੋਂ ਇੱਕ ਮੁਲਜ਼ਮ ਨੂੰ ਨਗਦੀ ਸਮੇਤ 2 ਘੰਟਿਆਂ ਵਿੱਚ ਕਾਬੂ ਕੀਤਾ ਹੈ। ਪੀੜਤ ਵਿਅਕਤੀ ਮਨੀਸ਼ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਮਕੋਰੜ ਸਾਹਿਬ ਨੇ ਦੱਸਿਆ ਕਿ ਉਸ ਨਾਲ ਲੁੱਟ ਦੀ ਵਾਰਦਾਤ ਉਸ ਸਮੇਂ ਵਾਪਰੀ ਜਦੋਂ, ਉਹ ਬੀਤੀ ਸ਼ਾਮ ਪੰਜਾਬ ਐਂਡ ਸਿੰਧ ਬੈਂਕ ਤੋਂ ਆਪਣੀ ਪਤਨੀ ਰੀਤ ਕੌਰ ਨਾਲ ਘਰ ਵਾਪਸ ਆ ਰਿਹਾ ਸੀ।
ਡਰਾ ਧਮਕਾ ਕੇ ਖੋਹ ਲਏ ਪੈਸੇ : ਮਨੀਸ਼ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਪੰਜਾਬ ਐਂਡ ਸਿੰਧ ਬੈਂਕ ਚੋਂ 36 ਹਜ਼ਾਰ ਰੁਪਏ ਕੱਢਵਾ ਕੇ ਆਪਣੀ ਪਤਨੀ ਨਾਲ ਹੀ, ਮੋਟਰਸਾਈਕਲ 'ਤੇ ਆਪਣੇ ਪਿੰਡ ਮਕੋਰੜ ਆਪਣੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਮੂਣਕ ਤੇ ਮਕੋਰੜ ਸਾਹਿਬ ਰਸਤੇ ਦੇ ਅੱਧ ਵਿਚਕਾਰ ਪਹੁੰਚੇ, ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਦੇ ਮੋਟਰਸਾਈਕਲ ਮੂਹਰੇ ਆਪਣਾ ਮੋਟਰਸਾਈਕਲ ਲਗਾ ਕੇ ਉਸ ਦਾ ਮੋਟਰਸਾਈਕਲ ਰੋਕ ਲਿਆ। ਫਿਰ ਡਰਾ ਧਮਕਾ ਕੇ ਉਸ ਦੀ ਜੇਬ ਵਿੱਚੋਂ ਬੈਂਕ ਚੋਂ ਕੱਢਵਾਏ ਹੋਏ 36 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਮਨੀਸ਼ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਣਕਾਰੀ ਮੂਣਕ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਨਾਲ ਮੁਲਜ਼ਮਾਂ ਉੱਤੇ ਕਾਰਵਾਈ ਸ਼ੁਰੂ ਕੀਤੀ ਤੇ ਥਾਂ-ਥਾਂ ਛਾਪੇਮਾਰੀ ਕੀਤੀ।
ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ : ਡੀਐਸਪੀ ਡਾ. ਮਨੋਜ ਗੋਰਸੀ ਨੇ ਦੱਸਿਆ ਕਿ ਮਨੀਸ਼ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ ਦੋਵੇ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 12 ਦਰਜ ਕਰਕੇ ਮੁਲਜ਼ਮ ਗੁਰਜੀਤ ਸਿੰਘ ਵਾਸੀ ਲਹਿਲ ਕਲਾਂ ਨੂੰ 14 ਹਜ਼ਾਰ 500 ਰੁਪਏ ਦੀ ਨਗਦੀ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮ ਬੂਟਾ ਸਿੰਘ ਦੀ ਗ੍ਰਿਫਤਾਰੀ ਲਈ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਤਫਤੀਸ਼ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਕੋਲੋ ਮਿਲਿਆ ਮੋਟਰਸਾਈਕਲ ਵੀ ਸ਼ੱਕੀ ਹੈ।