ਸੰਗਰੂਰ: ਦੇਸ਼ ਸਮੇਤ ਪੰਜਾਬ ਵਿੱਚ ਜਾਰੀ ਪਵਿੱਤਰ ਕਾਵੜ ਯਾਤਰਾ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਹਰਿਦੁਆਰ ਤੋਂ ਗੰਗਾ ਜਲ ਲੈਕੇ ਆ ਰਹੇ ਇੱਕ ਕਾਵੜ ਗੁਲਜ਼ਾਰ ਮੁਹੰਮਦ ਨੂੰ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿੱਚ ਗੁਲਜ਼ਾਰ ਮੁਹੰਮਦ ਦੀ ਮੌਤ ਹੋ ਗਈ। ਕਾਵੜ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਦੇ ਵੱਖ ਵੱਖ ਅਧਿਕਾਰੀਆਂ ਨਾਲ ਮਾਮਲੇ ਸਬੰਧੀ ਗੱਲ ਕੀਤੀ ਪਰ ਫਿਰ ਵੀ ਹੁਣ ਤੱਕ ਪੁਲਿਸ ਕੋਲੋਂ ਟਰੈਕਟਰ ਚਾਲਕ ਗ੍ਰਿਫ਼ਤਾਰ ਨਹੀਂ ਹੋਇਆ।
ਪਰਿਵਾਰ ਦੀ ਕੀਤੀ ਜਾਵੇ ਮਦਦ: ਕਾਵੜੀਆਂ ਦਾ ਕਹਿਣਾ ਹੈ ਕਿ ਗੁਲਜ਼ਾਰ ਮਹੁੰਮਦ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਇਸ ਕਾਵਡ ਦਾ ਹਿੱਸਾ ਬਣਦਾ ਸੀ ਅਤੇ ਉਹ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹਨਾ ਦੱਸਿਆ ਗੁਲਜ਼ਾਰ ਮਹੁੰਮਦ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਉਸ ਦੇ ਪਰਿਵਾਰ ਵਿੱਚ ਉਸ ਦੀਆਂ ਪੰਜ ਧੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਤੌਰ ਉੱਤੇ ਗਰੀਬ ਪਰਿਵਾਰ ਦੀ ਮਦਦ ਕਰਨ।
ਪ੍ਰਦਰਸ਼ਨ ਦੀ ਚਿਤਾਵਨੀ: ਕਾਵੜੀਆਂ ਨੇ ਕਿਹਾ ਕਿ ਮਰਨ ਵਾਲਾ ਸ਼ਖ਼ਸ ਮੁਸਲਿਮ ਹੋਣ ਦੇ ਬਾਵਜੂਦ ਹਿੰਦੂ ਧਰਮ ਵਿੱਚ ਪੂਰੀ ਆਸਥਾ ਰੱਖਦੀ ਸੀ ਅਤੇ ਹੁਣ ਉਸ ਦੀ ਮੌਤ ਸਾਜ਼ਿਸ਼ ਤਹਿਤ ਹੋਈ ਹੈ ਜਾਂ ਫਿਰ ਇਹ ਹਾਦਸਾ ਹੈ ਇਸ ਦੀ ਜਾਂਚ ਪੁਲਿਸ ਨੂੰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਕਾਰਵਾਈ ਨਹੀਂ ਕਰ ਰਹੀ ਜਿਸ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਨ ਦਾ ਰਾਹ ਇਖਤਿਆਰ ਕਰਨਾ ਪਿਆ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੱਥੇ ਵੀ ਕਾਵੜ ਯਾਤਰਾ ਚੱਲ ਰਹੀ ਹੈ ਉਨ੍ਹਾਂ ਨੂੰ ਉੱਥੇ ਹੀ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਨ ਲਈ ਕਿਹਾ ਜਾਵੇਗਾ ਜੇਕਰ ਪੁਲਿਸ ਨੇ ਇਸ ਮਾਮਲੇ ਵਿੱਚ ਜਲਦ ਬਣਦੀ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ: Pratap Bajwa Advice to CM Mann: ਪ੍ਰਤਾਪ ਸਿੰਘ ਬਾਜਵਾ ਦੀ ਸੀਐੱਮ ਮਾਨ ਨੂੰ ਸਲਾਹ, ਕੋਈ ਕੰਮ ਕਰਨ ਤੋਂ ਪਹਿਲਾਂ ਕਰੋ ਹੋਮਵਰਕ
ਦੂਜੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਪੂਰੀ ਸੰਜੀਦਗੀ ਨਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਜਾਂਚ ਟੀਮਾਂ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਤੇ ਬਹੁਤ ਜਲਦ ਮੁਲਜ਼ਮ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।