ਸੰਗਰੂਰ: ਲੌਕਡਾਊਨ ਹੋਣ ਨਾਲ ਮਲੇਰਕਟੋਲਾ ਸ਼ਹਿਰ ਦੇ ਵਿੱਚ ਦੁੱਧ ਉਤਪਾਦਕਾਂ ਨੂੰ ਬਹੁਤ ਹੀ ਘਾਟਾ ਹੋ ਰਿਹਾ ਹੈ ਜਿਸ ਕਰਕੇ ਦੁੱਧ ਉਤਪਾਦਕ ਬਚੇ ਹੋਏ 20-25 ਲੀਟਰ ਦੁੱਧ ਨੂੰ ਵਾਪਿਸ ਗਾਵਾਂ ਨੂੰ ਪਾ ਰਹੇ ਹਨ।
ਦੁੱਧ ਉਤਪਾਦਕ ਮੁਹੰਮਦ ਮੀਨਾ ਨੇ ਦੱਸਿਆ ਕਿ ਕਰਫਿਊ ਦੌਰਾਨ ਉਨ੍ਹਾਂ ਨੂੰ ਦੁੱਧ ਨੂੰ ਲੈ ਕੇ ਆਉਣ-ਜਾਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਗਾਵਾਂ ਨੂੰ ਪਾਉਣ ਵਾਲਾ ਚਾਰੇ ਦੀ ਵੀ ਸਪਲਾਈ ਰੁਕੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਲੌਕਡਾਊਨ ਨਾਲ ਦੁੱਧ ਦੇ ਉਤਪਾਦ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹਨ ਜਿਸ ਨਾਲ ਦੁੱਧ ਦੀ ਸਪਲਾਈ ਨਹੀਂ ਹੋ ਰਹੀ। ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਦੁੱਧ ਨਾ ਮਿਲਣ ਨਾਲ ਤੰਗੀ ਹੋ ਰਹੀ ਹੈ ਤੇ ਇਥੇ ਵਾਧੂ ਦੁੱਧ ਹੋਣ ਨਾਲ ਤੰਗੀ ਹੋ ਰਹੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਦੁੱਧ ਦੀ ਸਪਲਾਈ ਕਰਨ ਦੀ ਨਾਲ ਲੱਗਦੇ ਸ਼ਹਿਰਾਂ ਦੇ ਵਿੱਚ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਚੰਡੀਗੜ੍ਹ: ਪਿਛਲੇ 3 ਦਿਨਾਂ ਤੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ
ਦੁੱਧ ਉਤਪਾਦਕ ਮੁਹੰਮਦ ਅੱਛੂ ਨੇ ਦੱਸਿਆ ਕਿ ਲੌਕਡਾਉਨ ਨਾਲ ਸਾਰੇ ਕਾਰੋਬਾਰ ਠੱਪ ਹੋ ਗਏ ਹਨ। ਗਾਵਾਂ ਨੂੰ ਦੇਣ ਵਾਲੇ ਚਾਰੇ ਦੀ ਵੀ ਸਪਲਾਈ ਰੁੱਕ ਗਈ ਹੈ ਤੇ ਦੁੱਧ ਦੀ ਬਚਤ ਬਹੁਤ ਹੋ ਰਹੀ ਹੈ ਇਸ ਲਈ ਉਹ ਬਚੇ ਹੋਏ ਦੁੱਧ ਨੂੰ ਗਾਵਾਂ ਨੂੰ ਪਾ ਕੇ ਉਨ੍ਹਾਂ ਦਾ ਢਿੱਡ ਭਰ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਨੂੰ 21 ਦਿਨਾਂ ਲਈ ਲੌਕਡਾਊਨ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਦੇ ਕਾਰੋਬਾਰ, ਕੰਮ ਸਭ ਕੁੱਝ ਬੰਦ ਹੋ ਗਏ ਹਨ। ਇਸ ਨਾਲ ਹੀ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।