ਸੰਗਰੂਰ: ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਪੈਕੇਜ ਸਮੇਤ ਹੋਰ ਕਈ ਮੰਗਾਂ ਨੂੰ ਲੈਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਦਾ ਸੱਦਾ ਚੰਡੀਗੜ੍ਹ ਵਿੱਚ ਦਿੱਤਾ ਗਿਆ ਸੀ। ਦੂਜੇ ਪਾਸੇ ਇਸ ਕਾਨਫਰੰਸ ਨੂੰ ਰੋਕਣ ਲਈ ਸੰਗਰੂਰ ਦੇ ਲੌਂਗੋਵਾਲ ਵਿੱਚ ਵੀ ਪੂਰੇ ਪੰਜਾਬ ਦੀ ਤਰ੍ਹਾਂ ਪੁਲਿਸ ਵੱਲੋਂ ਜੱਦੋ-ਜਹਿਦ ਕੀਤੀ ਜਾ ਰਹੀ ਸੀ। ਇਹ ਜੱਦੋ-ਜਹਿਦ ਉਦੋਂ ਝੜਪ ਵਿੱਚ ਬਦਲ ਗਈ ਜਦੋਂ ਲੌਂਗੋਵਾਲ ਤੋਂ ਕਿਸਾਨ ਆਗੂਆਂ ਨੇ ਚੰਡੀਗੜ੍ਹ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਇੱਕ ਕਿਸਾਨ ਭੱਜਦੇ-ਭੱਜਦੇ ਨੀਚੇ ਡਿੱਗ ਪਿਆ ਤੇ ਟਰਾਲੀ ਦੇ ਨੀਚੇ ਆ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ: ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਅਤੇ ਪੁਲਿਸ ਦੀ ਹੋਈ ਆਪਸੀ ਝੜਪ ਦੌਰਾਨ ਇੱਕ ਪੁਲਿਸ ਅਫਸਰ ਅਤੇ ਇੱਕ ਕਿਸਾਨ ਜ਼ਖਮੀ ਹੋਇਆ ਹੈ। ਪੁਲਿਸ ਅਫਸਰ ਦਾ ਸੰਗਰੂਰ ਵਿੱਚ ਇਲਾਜ ਚੱਲ ਰਿਹਾ ਹੈ ਜਦ ਕਿ ਕਿਸਾਨ ਯੂਨੀਅਨ ਦੇ ਮੈਂਬਰ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।। ਦੱਸ ਦਈਏ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੌਂਗੋਵਾਲ ਵਿਖੇ ਧਰਨਾ ਦੇ ਰਹੇ ਸਨ ਅਤੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦੇ ਲਈ ਚੰਡੀਗੜ੍ਹ ਵੱਲ ਨੂੰ ਜਾਣ ਲਈ ਤਿਆਰੀ ਵਿੱਢ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਮਨੁੱਖੀ ਅਧਿਕਾਰਾਂ ਦਾ ਘਾਣ: ਇਸ ਦੌਰਾਨ ਦੋਨਾਂ ਧਿਰਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਪੁਲਿਸ ਅਫਸਰ ਜ਼ਖ਼ਮੀ ਹੋਇਆ ਅਤੇ ਕਿਸਾਨ ਆਗੂਆਂ ਦੇ ਦੋ ਮੈਂਬਰ ਇਸ ਵਿੱਚ ਜ਼ਖਮੀ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਜ਼ਖ਼ਮੀ ਹੋਏ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਜਾਣਾ ਚਾਹੁੰਦੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋਏ।
ਹਾਲਾਤ ਕਾਬੂ ਕਰਨ ਲਈ ਕੋਸ਼ਿਸ਼: ਉੱਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਲੌਂਗੋਵਾਲ ਧਰਨੇ ਵਿੱਚ ਝੜਪ ਤੋਂ ਬਾਅਦ ਜ਼ਖ਼ਮੀ ਹਾਲਤ ਅੰਦਰ ਇੱਕ ਪੁਲਿਸ ਮੁਲਾਜ਼ਮ ਅਤੇ ਕਿਸਾਨ ਆਗੂ ਹਸਪਤਾਲ ਪਹੁੰਚੇ ਸਨ। ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਤਾਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਕਿਸਾਨ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਝੜਪ ਤੋਂ ਬਾਅਦ ਪੁਲਿਸ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।