ਸੰਗਰੂਰ: ਝੋਨੇ ਦੀ ਵਾਢੀ ਸੂਬੇ ਵਿੱਚ ਲਗਭਗ ਸ਼ੁਰੂ ਹੋ ਚੁੱਕੀ ਹੈ। ਫ਼ਸਲ ਦੀ ਵਾਢੀ ਤੋਂ ਬਾਅਦ ਖੇਤ ਵਿੱਚ ਪਈ ਪਰਾਲੀ ਨੂੰ ਅੱਗ ਲਾਉਣ ਨਾਲ ਆਏ ਸਾਲ ਪੰਜਾਬ ਕਾਲੇ ਧੂੰਏਂ ਵਿੱਚ ਘਿਰ ਜਾਂਦਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਹਰ ਸਾਲ 50 ਤੋਂ 80 ਫੀਸਦੀ ਤੱਕ ਸੰਦ ਖਰੀਦਣ ਲਈ ਸਬਸਿਡੀ ਦਿੰਦੀ ਹੈ।
ਇਸ ਦੇ ਤਹਿਤ ਪਰਾਲੀ ਸਾੜਨ ਦੇ ਮਾੜੇ ਰੁਝਾਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਸ਼ੁੱਕਰਵਾਰ ਨੂੰ ਸੁਨਾਮ ਨੇੜਲੇ ਪਿੰਡ ਮਰਦਖੇੜਾ ਦੇ ਖੇਤਾਂ 'ਚ ਝੋਨੇ ਦੀ ਵਾਢੀ ਤੋਂ ਬਾਅਦ ਖੁਦ ਟਰੈਕਟਰ ਚਲਾ ਕੇ ਸੁਪਰਸੀਡਰ ਦੀ ਮਦਦ ਨਾਲ ਬਿਨਾ ਪਰਾਲੀ ਸਾੜੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਮਰਦਖੇੜਾ ਵਿਖੇ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਕੈਂਪ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਫੈਲੀ ਹੋਣ ਕਾਰਨ ਪਰਾਲੀ ਸਾੜਨ ਦਾ ਮਾੜਾ ਰੁਝਾਨ ਹੋਰ ਵਧੇਰੇ ਖ਼ਤਰਨਾਕ ਹੋ ਜਾਂਦਾ ਹੈ ਕਿਉਕਿ ਧੂੰਏਂ ਦਾ ਅਤੇ ਕੋਰੋਨਾਵਾਇਰਸ ਦਾ ਸਿੱਧਾ ਹਮਲਾ ਮਨੁੱਖੀ ਸਰੀਰ ਵਿਚ ਫੇਫੜਿਆਂ ’ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਮਿੱਟੀ ਵਿਚ ਨਿਪਟਾਰੇ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸਿੱਧੀ ਬਿਜਾਈ ਕਰਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਆਨਲਾਈਨ ਪ੍ਰਣਾਲੀ ਰਾਹੀ ਅਰਜ਼ੀਆਂ ਦੇ ਡਰਾਅ ਕੱਢ ਕੇ ਕਿਸਾਨਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਸਬਸਿਡੀ ਮੁਹੱਈਆ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਦੀਆਂ 69 ਪੰਚਾਇਤਾਂ, 148 ਕੋਅਪਰੇਟਿਵ ਸੋਸਾਇਟੀਆਂ, 273 ਕਸਟਮ ਹਾਈਰਿੰਗ ਸੈਂਟਰਾਂ ਨੂੰ 80 ਫੀਸਦੀ ਸਬਸਿਡੀ ’ਤੇ ਜਦਕਿ 1,124 ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਆਧੁਨਿਕ ਸੁਪਰਸੀਡਰ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਹਰੇਕ ਕਿਸਾਨ ਨੂੰ ਪਰਾਲੀ ਦੇ ਯੋਗ ਨਿਬੇੜੇ ਲਈ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਵਾਤਾਵਰਨ ਦੇ ਨਾਲ-ਨਾਲ ਅੱਗ ਲਾਉਣ ਕਰਕੇ ਕਿਸਾਨਾਂ ਦੇ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਵੀ ਬਚਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਪਰਸੀਡਰ, ਹੈਪੀਸੀਡਰ, ਮਲਚਰ ਅਤੇ ਆਰ.ਐਮ.ਬੀ.ਪਲਅੋਂ ਆਦਿ ਆਧਨਿਕ ਸੰਦਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ। ਜਿਸ ਕਾਰਨ ਵਧੇਰੇ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਉਨਾਂ ਦੱਸਿਆ ਕਿ ਅੱਗ ਲਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਖ਼ਾਸ ਕਰਕੇ ਗੰਡੋਏ ਆਦਿ ਵੀ ਮਰ ਜਾਂਦੇ ਹਨ। ਜਿਨ੍ਹਾਂ ਕਰਕੇ ਖੇਤਾਂ ਦੀ ਉਪਰਲੀ ਸਤਾ ਸਖ਼ਤ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਬਸਿਡੀ ’ਤੇ ਮਿਲੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਪਰਾਲੀ ਨੂੰ ਖੇਤਾ ਵਿਚ ਹੀ ਵਾਹੁਣ ਨੂੰ ਤਰਜੀਹ ਦੇਣ।