ਸੰਗਰੂਰ: ਸ਼ਹਿਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਢੀਂਡਸਿਆਂ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਾਲ ਬੇਵਫ਼ਾਈ ਕਰਕੇ ਬਹੁਤ ਮਾੜੀ ਗੱਲ ਕੀਤੀ ਹੈ। ਪਹਿਲਾਂ ਪਾਰਟੀ ਵਿੱਚ ਜਿਹੜੇ ਵੀ ਫ਼ੈਸਲੇ ਲਏ ਜਾਂਦੇ ਸਨ ਉਹ ਰਣਜੀਤ ਸਿੰਘ ਬ੍ਰਹਮਪੁਰਾ ਤੇ ਢੀਂਡਸਾ ਸਾਹਬ ਤੋਂ ਪੁੱਛੇ ਬਿਨਾਂ ਨਹੀਂ ਲਏ ਜਾਂਦੇ ਸਨ, ਇੰਨਾ ਹੀ ਪਰਿਵਾਰਿਕ ਫ਼ੈਸਲੇ ਵੀ ਉੁਨ੍ਹਾਂ ਦੀ ਰਾਏ ਤੋਂ ਬਿਨਾਂ ਨਹੀਂ ਕੀਤੇ ਜਾਂਦੇ ਸਨ, ਤੇ ਉੁਨ੍ਹਾਂ ਦਾ ਹੁਕਮ ਇਲਾਹੀ ਹੁਕਮ ਹੁੰਦਾ ਸੀ।
ਪਰਕਾਸ਼ ਸਿੰਘ ਬਾਦਲ ਨੇ ਅੱਗੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਤਿੰਨ ਮਾਵਾਂ ਹੁੰਦੀਆਂ ਜਿਨ੍ਹਾਂ ਵਿੱਚੋਂ ਤੀਜੀ ਮਾਂ ਪਾਰਟੀ ਹੁੰਦੀ ਹੈ, ਜੇਕਰ ਪਾਰਟੀ ਨਾਲ ਹੀ ਬੇਵਫ਼ਾਈ ਕੀਤੀ ਜਾਵੇ ਤਾਂ ਕੀ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਰਕਾਸ਼ ਸਿੰਘ ਬਾਦਲ ਨੇ ਸੂਬਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਸਿੱਖਾਂ ਦੀ ਦੁਸ਼ਮਣ ਪਾਰਟੀ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਦੇਖ ਲਓ ਉਹ ਹਮੇਸ਼ਾ ਹੀ ਸਿੱਖਾਂ ਤੇ ਪੰਜਾਬ ਦੇ ਖਿਲਾਫ਼ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਵਿੱਤਰ ਧਰਮ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਵਾਇਆ ਹੈ। ਪਾਣੀ ਦੇ ਮੁੱਦੇ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਤੀ ਕਰਕੇ ਸੂਬੇ ਦਾ ਪਾਣੀ ਬਾਹਰ ਗਿਆ ਹੈ।
ਤੁਹਾਨੂੰ ਦੱਸ ਦਈਏ, ਪਿਛਲੇ ਦਿਨੀਂ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਬਾਦਲਾਂ ਨੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ 'ਚੋਂ ਬਰਖ਼ਾਸਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਤਕਰਾਰ ਵੱਧ ਗਈ ਹੈ। ਇਸ ਦੇ ਨਾਲ ਹੀ ਦੋਹਾਂ ਦੇ ਇੱਕ-ਦੂਜੇ ਵਿਰੁੱਧ ਸ਼ਬਦੀ ਹਮਲੇ ਵੀ ਜਾਰੀ ਹੈ।