ਸੰਗਰੂਰ: ਪਿੰਡ ਭਗਵਾਨਪੁਰ 'ਚ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਅਜੇ ਵੀ ਪ੍ਰਸ਼ਾਸਨ ਲਾਪਰਵਾਹ ਹੀ ਹੈ ਕਿਉਂਕਿ ਜਿਸ 150 ਫੁੱਟ ਡੂੰਘੇ ਬੋਰਵੈਲ ਵਿੱਚ ਫ਼ਤਿਹਵੀਰ ਡਿੱਗਿਆ ਸੀ ਉਹ ਅੱਜ ਵੀ ਖੁੱਲ੍ਹਾ ਪਿਆ ਹੈ।
ਅੱਜ ਫ਼ਤਿਹਵੀਰ ਦੇ ਫ਼ੁੱਲ ਚੁਗੇ ਗਏ ਅਤੇ ਫੁੱਲਾਂ ਨੂੰ ਪਰਿਵਾਰ ਅਤੇ ਰਿਸ਼ਤੇਦਾਰ ਕੀਰਤਪੁਰ ਸਾਹਿਬ ਵਿਖੇ ਤਾਰਨਗੇ। ਪ੍ਰਸ਼ਾਸਨ ਅਤੇ ਸਰਕਾਰ ਦੀ ਲਾਪਰਵਾਹੀ ਤੋਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਰੋਸ ਪ੍ਰਗਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਸਮੇਂ 'ਤੇ ਕੁੱਝ ਕਰਦਾ ਤਾਂ ਅੱਜ ਫ਼ਤਿਹਵੀਰ ਦੀ ਮੌਤ ਨਾ ਹੁੰਦੀ।
ਉੱਥੇ ਹੀ ਪਰਿਵਾਰ ਦੇ ਮੈਂਬਰ ਇਹ ਮੰਗ ਕਰ ਰਹੇ ਹਨ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਫ਼ਤਿਹਵੀਰ ਨੂੰ ਕੱਢਣ ਵੇਲੇ ਦੀ ਤੇ ਫਸੇ ਹੋਏ ਦੀ ਪੂਰੀ CCTV ਫੁਟੇਜ ਦਿਖਾਵੇ।
ਪਿੰਡ ਵਾਲਿਆਂ ਨੇ ਇਸ ਹਾਦਸੇ ਤੋਂ ਬਾਅਦ ਕਿਹਾ ਕਿ ਪ੍ਰਸਾਸ਼ਨ ਦੀ ਨਾਲਾਇਕੀ ਸਾਫ਼ ਵੇਖਣ ਨੂੰ ਮਿਲੀ ਹੈ ਅਤੇ ਸਾਂਸਦ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾ ਤਾਂ ਖੇਤਾਂ ਵਿਚ ਲੱਗੀ ਨਾੜ ਦੀ ਅੱਗ ਬੁਝਾਉਣ ਲਈ ਨਾਟਕ ਕੀਤੇ, ਫ਼ਤਿਹਵੀਰ ਵੇਲੇ ਉਹ ਕਿਥੇ ਸੀ ਤੇ ਉਸਦੀ ਡਾਇਰੀ ਕਿਥੇ ਸੀ ਜਿਸ ਨਾਲ ਉਹ ਲੋਕਾਂ ਦੇ ਕੰਮ ਨੋਟ ਕਰਦਾ ਸੀ।