ਸੰਗਰੂਰ: ਫਸਲ ਮੰਡੀਆਂ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਕਿਸਾਨਾਂ ਨਾਲ ਵੱਡੇ-ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਖਾਸ ਕਰਕੇ ਜਦੋਂ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਆਉਂਦੀ ਹੈ ਉਦੋਂ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਫ਼ਸਲ ਦਾ ਮੁੱਲ ਪੂਰਾ ਮਿਲੇਗਾ। ਕਈ ਵਾਰ ਤਾਂ ਕਿਸਾਨਾਂ ਨੂੰ ਹੋਰ ਫ਼ਸਲ ਬੀਜਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿਸਾਨਾਂ ਨੂੰ ਸਬਸਿਡੀ ਵੀ ਮਿਲੇਗੀ। ਪਰ ਜਦੋਂ ਕਿਸਾਨ ਆਪਣੀ ਫ਼ਸਲ ਨੂੰ ਮੰਡੀ ਵਿੱਚ ਲੈ ਆਉਂਦਾ ਹੈ ਤਾਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾ ਹੈ ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਘਰਾਚੋਂ ਤੋਂ ਜਿੱਥੇ ਅਨਾਜ ਮੰਡੀ ਘਰਾਚੋਂ ਦੇ ਵਿੱਚ ਘੱਟ ਰੇਟ 'ਤੇ ਕਣਕ ਦੀ ਬੋਲੀ ਲਗਾਈ ਗਈ।
ਕਿਸਾਨਾਂ ਵੱਲੋਂ ਵਿਰੋਧ: ਇਸ ਮੌਕੇ ਕਣਕ ਦੀ ਬੋਲੀ ਲਾਉਣ ਆਏ ਅਧਿਕਾਰੀਆ ਦਾ ਕਿਸਾਨਾਂ ਨੇ ਘਿਰਾਓ ਕੀਤਾ । ਦਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਇਕਾਈ ਪ੍ਰਧਾਨ ਰਘਬੀਰ ਸਿੰਘ ਘਰਾਚੋਂ ਦੀ ਅਗਵਾਈ ਹੇਠ ਕਣਕ ਦੀ ਬੋਲੀ ਘੱਟ ਰੇਟ 'ਤੇ ਲਾਉਣ ਆਏ ਅਧਿਕਾਰੀਆ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੀਡੀਆ ਸਾਹਮਣੇ ਮੁਖਾਤਿਬ ਹੁੰਦੇ ਕਿਹਾ ਕਿ ਕਿਸਾਨ ਆਪਣੇ -ਆਪ 'ਚ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੀ ਸਾਰੀ ਫ਼ਸਲ ਠੀਕ ਹੈ ਫਿਰ ਵੀ ਸਰਕਾਰ ਵੱਲੋਂ ਘੱਟ ਰੇਟ 'ਤੇ ਫ਼ਸਲ ਖਰੀਦੀ ਜਾ ਰਹੀ ਹੈ, ਜਿਸ ਦਾ ਅਸੀਂ ਜ਼ੋਰਦਾਰ ਵਿਰੋਧ ਕਰਦੇ ਹਾਂ।
ਸਰਕਾਰ ਨੂੰ ਚਿਤਾਵਨੀ: ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅਸੀਂ ਉਨ੍ਹਾਂ ਦੇ ਅਧਿਕਾਰੀ ਬੰਦੀ ਬਣਾ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਸਾਡੀ ਫ਼ਸਲ ਤੈਅ ਮੁੱਲ ਉੱਤੇ ਨਹੀਂ ਖਰੀਦਦੀ ਤਾਂ ਅਸੀਂ ਡੀਸੀ ਦਫ਼ਤਰਾਂ ਅੱਗੇ ਧਰਨਾ ਲਗਾਉਣ ਨੂੰ ਮਜ਼ਬੂਰ ਹੋਵਾਂਗੇ। ਇਸ ਦੀ ਜ਼ਿੰਮੇਵਾਰ ਸਿਰਫ਼ ਪੰਜਾਬ ਸਰਕਾਰ ਹੋਵੇਗੀ।ਕਿਸਾਨਾਂ ਨੇ ਸਰਕਾਰ ਨੂੰ ਸਾਫ਼-ਸਾਫ਼ ਵੱਡਾ ਸੰਘਰਸ਼ ਵਿੱਢੇ ਜਾਣ ਦੀ ਗੱਲ ਵੀ ਆਖ ਦਿੱਤੀ ਹੈ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰਾਂ ਵੱਲੋਂ ਅਕਸਰ ਹੀ ਕਿਸਾਨਾਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ। ਕਿਸਾਨ ਤਾਂ ਪਹਿਲਾਂ ਹੀ ਹਰ ਪਾਸੇ ਤੋਂ ਮਰਿਆ ਹੋਇਆ ਹੈ ਬਾਕੀ ਕਸਰ ਸਰਕਾਰ ਪੂਰੀ ਕਰ ਦਿੰਦੀ ਹੈ।ਉਨ੍ਹਾਂ ਆਖਿਆ ਕਿ ਘਾਟੇ ਕਾਰਨ ਤਾਂ ਕਿਸਾਨ ਪਹਿਲਾਂ ਹੀ ਖਦਕੁਸ਼ੀਆਂ ਦੇ ਰਾਹ 'ਤੇ ਹੈ ਸਰਕਾਰਾਂ ਕਿਉਂ ਕਿਸਾਨਾਂ ਨੂੰ ਮਾਰਨ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ । ਪ੍ਰਦਰਸ਼ਨ ਕਰਦੇ ਹੋਏ ਫ਼ਸਲ ਦੇ ਪੂਰੇ ਮੁੱਲ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਠਿੰਡਾ ਮਿਲਟਰੀ ਸਟੇਸ਼ਨ 'ਚ ਇੱਕ ਹੋਰ ਜਵਾਨ ਦੀ ਗੋਲੀ ਲੱਗਣ ਨਾਲ ਮੌਤ, ਭਾਰਤੀ ਫੌਜ ਨੇ ਜਤਾਇਆ ਖੁਦਕੁਸ਼ੀ ਦਾ ਖ਼ਦਸ਼ਾ