ਸੰਗਰੂਰ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਲੈ ਕੇ ਮੰਡੀਆਂ ਵੱਲ ਰੁਖ਼ ਕੀਤਾ ਜਾ ਰਿਹਾ ਹੈ। ਹਰ ਦਿਨ ਕਿਸਾਨ ਆਪਣੀ ਫ਼ਸਲ ਵੱਢ ਕੇ ਮੰਡੀ ਵਿੱਚ ਵੇਚਣ ਲਈ ਲੈ ਕੇ ਆ ਰਹੇ ਹਨ। ਉੱਥੇ ਹੀ, ਅਪਣੀ ਫ਼ਸਲ ਲੈ ਕੇ ਅਨਾਜ ਮੰਡੀ, ਸੰਗਰੂਰ ਪਹੁੰਚੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ। ਪਹਿਲਾਂ ਅਕਸਰ ਹੀ ਦੇਖਿਆ ਜਾਂਦਾ ਰਿਹਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਧੱਕੇ ਖਾਣੇ ਪੈਂਦੇ ਸੀ, ਕਦੇ ਫ਼ਸਲ ਦੀ ਅਦਾਇਗੀ ਨੂੰ ਲੈ ਕੇ ਤੇ ਕਦੇ ਮੀਂਹ ਵਰ੍ਹੇ ਉੱਤੇ ਫ਼ਸਲ ਦੀ ਸੰਭਾਲ ਨੂੰ ਲੈ ਕੇ ਕਿਸਾਨ ਖੱਜਲ ਖੁਆਰ ਹੁੰਦੇ ਸੀ। ਪਰ, ਇਸ ਵਾਰ ਮੰਡੀ ਵਿੱਚ ਪਹੁੰਚੇ ਕਿਸਾਨਾਂ ਨੇ, ਜਿੱਥੇ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਖੁਸ਼ੀ ਜਤਾਈ, ਉੱਥੇ ਹੀ, ਮਾਨ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ।
ਫ਼ਸਲ ਦੀ ਅਦਾਇਗੀ ਸਮੇਂ ਸਿਰ: ਪਿੰਡ ਕਾਂਝਲੀ ਤੋਂ ਮੰਡੀ ਪਹੁੰਚੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਅਪਣੀ ਫ਼ਸਲ ਲੈ ਕੇ ਇੱਥੇ ਪਹੁੰਚੇ ਹਨ। ਅਜੇ ਤੱਕ ਮੰਡੀ ਵਿੱਚ ਕੋਈ ਸਮੱਸਿਆ ਨਹੀਂ ਹੈ। ਅਸੀਂ ਕੱਲ੍ਹ ਫ਼ਸਲ ਲੈ ਕੇ ਆਏ ਸੀ, ਅੱਜ ਤੋਲੀ ਜਾ ਰਹੀ ਹੈ, ਤੇ ਸਾਨੂੰ ਆੜ੍ਹਤੀਏ ਨੇ ਕਿਹਾ ਹੈ ਕਿ ਤੁਸੀਂ ਅਪਣੇ ਪੈਸੇ ਨਾਲ ਦੀ ਨਾਲ ਹੀ ਲੈ ਜਾਓ। ਉਨ੍ਹਾਂ ਕਿਹਾ ਕਿ ਇਸ ਵਾਰ ਫ਼ਸਲ ਦੀ ਅਦਾਇਗੀ ਨੂੰ ਕੋਈ ਵੀ ਸਮੱਸਿਆ ਨਹੀਂ ਹੈ।
'ਭਗਵੰਤ ਮਾਨ ਨੇ ਰੰਗ ਲਾ ਦਿੱਤੇ, ਸਰਕਾਰ ਨੂੰ 100/100 ਨੰਬਰ': ਇਕ ਹੋਰ ਕਿਸਾਨ ਨੇ ਇਸ ਮੌਕੇ ਟੀਮ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਖੁਸ਼ ਹੈ। ਭਗਵੰਤ ਮਾਨ ਨੇ ਤਾਂ ਰੰਗ ਹੀ ਲਾ ਦਿੱਤੇ ਹਨ। ਉਹ ਸਰਕਾਰ ਦੇ ਇਸ ਵਾਰ ਦੇ ਪ੍ਰਬੰਧਾਂ ਨੂੰ ਵੇਖਦੇ ਹੋਏ 100 ਚੋਂ 100 ਨੰਬਰ ਦੇ ਰਹੇ ਹਨ। ਕਿਸਾਨ ਨੇ ਕਿਹਾ ਕਿ ਇਸ ਵਾਰ ਸਾਰੇ ਪ੍ਰਬੰਧ ਬਹੁਤ ਹੀ ਵਧੀਆਂ ਕੀਤੇ ਹੋਏ ਹਨ, ਜਦਕਿ ਪਹਿਲਾਂ ਵਾਲੇ ਵੱਢ ਵੱਢ ਕੇ ਖਾ ਗਏ।
ਪੈਸਿਆਂ ਦੀ ਕੋਈ ਦਿੱਕਤ ਨਹੀਂ, ਬਸ ਮੰਡੀ ਦਾ ਦਾਇਰਾ ਵਧਾਇਆ ਜਾਵੇ: ਕਿਸਾਨ ਗੁਰਚਰਨ ਸਿੰਘ ਨੇ ਕਿਹਾ ਮੰਡੀ ਵਿੱਚ ਮੀਂਹ ਪੈਣ ਉੱਤੇ ਤਰਪਾਲਾਂ ਦਾ ਵਧੀਆਂ ਪ੍ਰਬੰਧ ਹੈ। ਪੈਸਿਆਂ ਨੂੰ ਲੈ ਕੇ ਵੀ ਕੋਈ ਮੁਸ਼ਕਲ ਨਹੀਂ ਹੈ। ਪ੍ਰਬੰਧ ਵੀ ਸਾਰੇ ਬਹੁਤ ਵਧੀਆਂ ਹੈ, ਸਿਰਫ਼ ਮੰਡੀ ਛੋਟੀ ਹੋਣ ਕਰਕੇ ਥੋੜੀ ਦਿੱਕਤ ਆਉਂਦੀ ਹੈ। ਸਰਕਾਰ ਨੂੰ ਮੰਡੀ ਦਾ ਦਾਇਰਾ ਜ਼ਰੂਰ ਵਧਾ ਦੇਣਾ ਚਾਹੀਦਾ ਹੈ, ਕਿਉਂਕਿ ਇੱਥੇ ਫ਼ਸਲ ਵੱਧ ਪਹੁੰਚਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਪ੍ਰਬੰਧ ਵੀ ਚੰਗੇ ਕੀਤੇ ਗਏ ਹਨ।
ਮੰਡੀ ਵਿੱਚ ਹੋਰ ਬਾਥਰੂਮ ਬਣਵਾਉਣ ਦੀ ਮੰਗ: ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਮੰਡੀ ਅੰਦਰ ਸਾਰੇ ਪ੍ਰਬੰਧ ਬਹੁਤ ਹੀ ਵਧੀਆਂ ਹਨ, ਜੋ ਇਕ ਬਾਥਰੂਮ ਹੈ, ਉਹ ਬਹੁਤ ਚੰਗੀ ਸਥਿਤੀ ਵਿੱਚ ਹੈ। ਪਰ, ਉਨ੍ਹਾਂ ਮੰਗ ਕੀਤੀ ਕਿ 2-3 ਬਾਥਰੂਮ ਹੋਰ ਬਣਵਾ ਦੇਣੇ ਚਾਹੀਦੇ ਹਨ। ਇਸ ਤੋਂ ਇਲਾਵਾਂ, ਉਨ੍ਹਾਂ ਕਿਹਾ ਕਿ ਮੰਡੀ ਅੰਦਰ ਆੜ੍ਹਤੀਏ ਵੱਲੋਂ ਤਾਂ ਤਰਪਾਲਾਂ ਤੋਂ ਲੈ ਕੇ ਅਦਾਇਗੀ ਤੱਕ ਸਾਰੇ ਪ੍ਰਬੰਧ ਪੁਖ਼ਤਾ ਹਨ। ਬਾਕੀ ਮੀਂਹ ਆਉਣ ਉੱਤੇ ਜੋ ਮੰਡੀ ਅੰਦਰ ਪਾਣੀ ਖੜਾ ਹੋ ਜਾਂਦਾ ਹੈ, ਉਸ ਬਾਰੇ ਪ੍ਰਧਾਨ ਨੂੰ ਕੋਈ ਹੱਲ ਕਰਨਾ ਚਾਹੀਦਾ ਹੈ।
ਕੇਂਦਰ ਸਰਕਾਰ ਤੋਂ ਨਾਰਾਜ਼ ਹੋਏ ਕਿਸਾਨ: ਸੋ, ਕੁੱਲ ਮਿਲਾ ਸੰਗਰੂਰ ਦੀ ਅਨਾਜ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ ਤੇ ਸਰਕਾਰ ਦੇ ਪ੍ਰਬੰਧਾਂ ਤੋਂ ਕਿਤੇ ਨਾ ਕਿਤੇ ਸੰਤੁਸ਼ਟ ਵਿਖਾਈ ਦਿੱਤੇ, ਪਰ ਉਨ੍ਹਾਂ ਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਨਰਾਜ਼ਗੀ ਜ਼ਰੂਰ ਦਿਖਾਈ ਹੈ। ਉਨ੍ਹਾਂ ਕਿਹਾ ਹੈ ਕਿ ਜੋ ਸਾਡੀ ਫ਼ਸਲ ਚੁੱਕੀ ਹੈ, ਉਸ ਨੂੰ ਬੋਰੀਆਂ ਵਿੱਚ ਨਹੀਂ ਪੈਕ ਕੀਤਾ ਜਾ ਰਿਹਾ, ਬੱਦਲ ਵੀ ਬਣਿਆ ਹੋਇਆ ਹੈ। ਕਿਸੇ ਸਮੇਂ ਵੀ ਮੀਂਹ ਸਕਦਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਫ਼ਸਲ ਤੋੜ ਚੁੱਕੀ ਹੈ, ਉਸ ਨੂੰ ਨਾਲੋਂ-ਨਾਲ ਸਮੇਟਿਆਂ ਜਾਵੇ। ਇੱਥੇ ਹੋਰ ਕਿਸਾਨਾਂ ਨੇ ਵੀ ਫ਼ਸਲਾਂ ਲੈ ਕੇ ਆਉਣਾ ਹੁੰਦਾ ਹੈ, ਪਰ ਕੇਂਦਰ ਸਰਕਾਰ ਦੇ ਪੱਲੇਦਾਰ ਹੀ ਹੜਤਾਲ ਉੱਤੇ ਬੈਠੇ ਹੋਏ ਹਨ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ ਕੋਰੋਨਾ ਦੇ ਮਾਮਲੇ 60 ਹਜ਼ਾਰ ਤੋਂ ਪਾਰ, ਪੰਜਾਬ 'ਚ ਵੀ ਲਗਾਤਾਰ ਵਧ ਰਹੇ ਨੇ ਮਾਮਲੇ