ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਦਿਬੜਾ ਦੇ ਪਿੰਡ ਸੁਮੇਰਾ 'ਚ ਕਿਸਾਨ ਵੱਲੋਂ ਕਰਜ਼ਾ ਨਾ ਦੇਣ 'ਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਗੁਰਮੀਤ ਸਿੰਘ ਨੇ ਬੈਂਕ ਤੋਂ ਤਿੰਨ ਲੱਖ ਰੁਪਏ ਦਾ ਕਰਜਾ ਲਿਆ ਸੀ ਅਤੇ ਕਰਜਾ ਨਾ ਮੋੜਨ 'ਤੇ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕਾਰਨ ਰੋਸ ਵੱਜੋਂ ਕਿਸਾਨ ਯੂਨੀਅਨ ਨੇ ਬੈਂਕ ਅੱਗੇ ਧਰਨਾ ਲਾਇਆ ਹੈ ਅਤੇ ਕਿਸਾਨ ਨੂੰ ਛੱਡੇ ਜਾਣ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਕਿਸਾਨ ਗੁਰਮੀਤ ਸਿੰਘ ਦੇ ਭਾਰ ਜਸਪਾਲ ਸਿੰਘ ਨੇ ਮਾਮਲੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਹੈ ਕਿ ਉਨ੍ਹਾਂ ਕੋਲ ਇੱਕ ਏਕੜ ਜ਼ਮੀਨ ਹੈ ਜਿਸ ਲਈ ਉਸ ਦੇ ਭਰਾ ਨੇ ਬੈਂਕ ਤੋਂ ਤਿੰਨ ਲੱਖ ਦਾ ਕਰਜ਼ਾ ਲਿਆ ਸੀ ਜਿਸ 'ਚੋਂ ਇੱਕ ਲੱਖ ਰੁਪਏ ਵਾਪਸ ਵੀ ਕਰ ਦਿੱਤੇ ਗਏ ਹਨ। ਉਸ ਨੇ ਦੱਸਿਆ ਕਿ ਵੱਧ ਸਮਾਂ ਲੰਘ ਜਾਣ ਕਾਰਨ ਅਤੇ ਕਰਜ਼ਾ ਨਾ ਮੋੜ ਸਕਣ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਧਰਨੇ ਉੱਤੇ ਬੈਠੇ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਜਿੱਥੇ ਸਰਕਾਰ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ ਦਾ ਦਾਵਾ ਕਰਦੀ ਹੈ ਉੱਥੇ ਹੀ ਇੱਕ ਏਕੜ ਜ਼ਮੀਨ ਵਾਲੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਨਾਲ ਨਾਲ ਉਨ੍ਹਾਂ ਨੂੰ ਜ਼ਲੀਲ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸਰਕਾਰ ਦਾਵੇ ਤਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।
ਇਹ ਵੀ ਪੜ੍ਹੋ- ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੂੰ ਝਟਕਾ, ਅਸ਼ੋਕ ਤੰਵਰ ਨੇ ਛੱਡੀ ਪਾਰਟੀ
ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ 'ਚ ਹਰ ਸਿਆਸੀ ਪਾਰਟੀ ਕਿਸਾਨਾਂ ਦੇ ਮੁੱਦੇ ਨੂੰ ਚੋਣ ਮੈਨੀਫੈਸਟੋ ਦਾ ਹਿੱਸਾ ਤੋਂ ਬਣਾਉਂਦੀਆਂ ਹਨ ਪਰ ਜਿੱਤਣ ਤੋਂ ਬਾਅਦ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ 'ਚ ਅਸਫ਼ਲ ਨਜ਼ਰ ਆਉਂਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਖ਼ਰ ਕਦੋਂ ਤਕ ਕਿਸਾਨਾਂ ਦੀ ਇਹੀ ਹਾਲਤ ਬਰਕਰਾਰ ਰਹਿੰਦੀ ਹੈ।