ਮਾਲੇਰਕੋਟਲਾ: ਕਾਰਗਿਲ ਦੀ ਜੰਗ ਨੂੰ 21 ਸਾਲ ਹੋ ਗਏ ਹਨ, ਸਾਰਾ ਦੇਸ਼ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।
ਕਾਰਗਿਲ ਦੀ 1999 ਦੀ ਜੰਗ ਵਿੱਚ ਪੰਜਾਬ ਦੇ ਕਈ ਫੌਜੀ, ਨਾਇਕ ਅਤੇ ਸੂਬੇਦਾਰ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚ ਮਾਲੇਰਕੋਟਲਾ ਦੇ ਪਿੰਡ ਬਨਭੌਰਾ ਤੋਂ ਸ਼ਹੀਦ ਨਾਇਕ ਬਹਾਦਰ ਸਿੰਘ ਵੀ ਹੈ।
ਸ਼ਹੀਦ ਨਾਇਕ ਬਹਾਦਰ ਸਿੰਘ ਦੀ ਸ਼ਹਾਦਤ ਬਾਰੇ ਈਟੀਵੀ ਭਾਰਤ ਨੇ ਉਨ੍ਹਾਂ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ ਕੀਤੀ।
ਜਾਣਕਾਰੀ ਮੁਤਾਬਕ ਸ਼ਹੀਦ ਨਾਇਕ ਬਹਾਦਰ ਸਿੰਘ ਦਾ ਜਨਮ 18 ਜਨਵਰੀ, 1970 ਨੂੰ ਹੋਇਆ ਸੀ। ਫ਼ਿਰ ਮੈਟਰਿਕ ਪਾਸ ਕਰਨ ਤੋਂ ਬਾਅਦ ਉਹ ਫ਼ੌਜ ਵਿੱਚ ਭਰਤੀ ਹੋ ਗਿਆ।
ਸ਼ਹੀਦ ਦੀ ਭਰਜਾਈ ਨੇ ਦੱਸਿਆ ਕਿ ਉਹ ਮੇਰਾ ਸਭ ਤੋਂ ਛੋਟਾ ਦਿਓਰ ਸੀ। ਉਹ ਸੁਭਾਅ ਦਾ ਬਹੁਤ ਹੀ ਵਧੀਆ ਸੀ ਅਤੇ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦਾ ਸੀ।
ਤੁਹਾਨੂੰ ਦੱਸ ਦਈਏ ਕਿ ਭਾਵੇਂ ਕਿ ਪਰਿਵਾਰ ਦੀ ਮਾਲੀ ਹਾਲਤ ਨਾ ਤਾਂ ਜ਼ਿਆਦਾ ਵਧੀਆ ਹੈ ਤੇ ਨਾ ਹੀ ਜ਼ਿਆਦਾ ਮਾੜੀ ਹੈ, ਪਰ ਉਨ੍ਹਾਂ ਨੇ ਕਦੇ ਵੀ ਪ੍ਰਸ਼ਾਸਨ ਤੋਂ ਕੋਈ ਮਦਦ ਨਹੀਂ ਮੰਗੀ।
ਪਰ ਸ਼ਹੀਦ ਦੀ ਭਰਜਾਈ ਅਤੇ ਭਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹੀਦ ਦਾ ਬੁੱਤ ਲਾਇਆ ਜਾਵੇ ਜਾਂ ਫ਼ਿਰ ਯਾਦਗਾਰ ਬਣਾਈ ਜਾਵੇ ਤਾਂ ਕਿ ਉਨ੍ਹਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖ ਸਕਣ।
ਉਥੇ ਹੀ ਭਰਾ ਨੇ ਪ੍ਰਸ਼ਾਸਨ ਨੂੰ ਫਟਕਾਰ ਪਾਉਂਦਿਆਂ ਕਿਹਾ ਕਿ ਵੈਸੇ ਤਾਂ ਸਰਕਾਰਾਂ ਬਥੇਰਾ ਪੈਸਾ ਲਾਉਂਦਿਆਂ ਹਨ, ਪਰ ਹਾਲੇ ਤੱਕ ਉਸ ਦੇ ਸ਼ਹੀਦ ਭਰਾ ਦਾ ਬੁੱਤ ਨਹੀਂ ਲਾਇਆ ਗਿਆ।