ਸੰਗਰੂਰ: ਲੌਂਗੋਵਾਲ 'ਚ ਹੋਏ ਭਿਆਨਕ ਵੈਨ ਹਾਦਸੇ ਵਿੱਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕਰਕੇ ਉਸ ਨੂੰ ਬਹਾਦੁਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਅਮਨਦੀਪ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਵਿਦਿਆਰਥਣ ਨੇ ਦੱਸਿਆ ਕਿ ਵੈਨ ਵਿੱਚੋਂ ਆਵਾਜ਼ ਆਉਣ ਲੱਗ ਗਈ ਸੀ ਜਿਸ ਤੋਂ ਬਾਅਦ ਵੈਨ ਚਾਲਕ ਨੇ ਬਾਹਰ ਉੱਤਰ ਕੇ ਦੇਖਿਆ ਤਾਂ ਵੈਨ ਵਿੱਚ ਇੱਕ ਦਮ ਅੱਗ ਭੜਕ ਗਈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਅੱਗ ਫੈਲਦੀ ਦਿਖਾਈ ਦਿੱਤੀ ਤਾਂ ਉਸ ਨੇ ਸ਼ੀਸ਼ਾ ਤੋੜ ਕੇ 4 ਬੱਚਿਆਂ ਨੂੰ ਬਾਹਰ ਕੱਢਿਆ।
ਇਸ ਦੇ ਨਾਲ ਹੀ ਵਿਦਿਆਰਥਣ ਨੇ ਦੱਸਿਆ ਕਿ ਵੈਨ ਚਾਲਕ ਸਕੂਲ ਦਾ ਅਧਿਆਪਕ ਹੀ ਸੀ। ਉਸ ਨੇ ਦੱਸਿਆ ਕਿ ਅੱਗ ਇੱਕ ਦਮ ਹੀ ਇੰਨੀ ਜ਼ਿਆਦਾ ਫੈਲ ਗਈ ਕਿ ਪਿੱਛੇ ਬੈਠੇ ਬੱਚਿਆਂ ਨੂੰ ਕੱਢਿਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: ਅਮਨਦੀਪ ਕੌਰ ਨੂੰ ਬਹਾਦਰੀ ਪੁਰਸਕਾਰ ਤੇ ਮੁਫਤ ਸਿੱਖਿਆ ਦੇਣ ਦਾ ਐਲਾਨ
4 ਬੱਚਿਆਂ ਨੂੰ ਬਚਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਮਨਦੀਪ ਦੀ ਬਹਾਦੁਰੀ ਲਈ ਉਸ ਨੂੰ ਸ਼ਾਬਾਸ਼ੀ ਦਿੱਤੀ ਸੀ। ਸੋਮਵਾਰ ਨੂੰ ਕੈਪਟਨ ਨੇ ਵਿਦਿਆਰਥਣ ਨਾਲ ਮੁਲਾਕਾਤ ਕੀਤੀ ਅਤੇ ਬਹਾਦੁਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ।