ਮਲੇਰਕੋਟਲਾ: ਕੋਰੋਨਾ ਵਾਇਰਸ ਨੇ ਜਿੱਥੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸੇ ਨਾਲ ਹੀ ਪੰਜਾਬ ਵਿੱਚ ਭਾਈਚਾਰਕ ਸਾਂਝ ਦੇ ਪ੍ਰਤੀਕ ਮਲੇਰਕੋਟਲਾ ਸ਼ਹਿਰ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸ਼ਹਿਰ ਵਿੱਚ 3 ਕੰਟੇਨਮੈਂਟ ਜ਼ੋਨ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ।
ਇਨ੍ਹਾਂ ਸੀਲ ਕੀਤੇ ਇਲਾਕਿਆਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਜ਼ਰੂਰਤ ਦੇ ਸਮਾਨ ਸਬੰਧੀ ਭਾਰੀ ਦਿੱਕਤਾਂ ਨਾਲ ਦੋ-ਚਾਰ ਹੋਣ ਪੈ ਰਿਹਾ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਇਨ੍ਹਾਂ ਲੋਕਾਂ ਦੀਆਂ ਦਿੱਕਤਾਂ ਸਬੰਧੀ ਖ਼ਬਰ ਨਸ਼ਰ ਕੀਤੀ ਸੀ। ਖ਼ਬਰ ਨਸ਼ਰ ਹੋਣ ਤੋਂ ਬਾਅਦ ਐੱਸਪੀ ਮਨਜੀਤ ਸਿੰਘ ਬਰਾੜ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਇਨ੍ਹਾਂ ਇਲਾਕਿਆਂ ਵਿੱਚ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕੀਤਾ।
ਇਸ ਮੌਕੇ ਐਸਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਲਾਕੇ ਦੇ ਲੋਕ ਆਪਣੇ ਆਪਣੇ ਘਰਾਂ 'ਚ ਬੰਦ ਹਨ ਅਤੇ ਬੇਰੁਜ਼ਗਾਰ ਹਨ। ਇਸ ਲਈ ਇਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਇਹ ਸਹੀ ਸਮਾਂ ਹੈ ਅਤੇ ਇਸ ਲਈ ਲੋੜਵੰਦ ਲੋਕਾਂ ਵਿੱਚ ਰਾਸ਼ਨ ਅਤੇ ਮਾਸਕ ਵੰਡੇ ਜਾ ਰਹੇ ਹਨ।
ਇਸ ਮੌਕੇ 'ਤੇ ਮੁਫਤੀ-ਏ-ਆਜ਼ਮ ਪੰਜਾਬ ਇਰਤਕਾ-ਉਲ-ਹਸਨ ਵੀ ਮੌਜੂਦ ਸਨ ਜਿਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਘੱਟ ਤੋਂ ਘੱਟ ਮਸਜਿਦਾਂ 'ਚ ਨਮਾਜ਼ ਅਦਾ ਕਰਨ ਜਾਣ ਅਤੇ ਇੱਕ ਦੂਜੇ ਦੇ ਸੰਪਰਕ 'ਚ ਨਾ ਆਉਣ ਤੇ ਦੂਰੀ ਬਣਾਕੇ ਰੱਖਣ।
ਇਸ ਮੌਕੇ ਮੁੱਹਲਾ ਸਰਹੰਦੀ ਗੇਟ ਦੇ ਵਾਸੀਆਂ ਨੇ ਸਮਾਜ ਸੇਵੀ ਸੰਸਥਾਵਾਂ, ਐੱਸਪੀ ਮਨਜੀਤ ਸਿੰਘ ਬਰਾੜ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉੱਥੇ ਹੀ ਇਨ੍ਹਾਂ ਲੋਕਾਂ ਨੇ ਈਟੀਵੀ ਭਾਰਤ ਦਾ ਵੀ ਲੋਕਾਂ ਦੀ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਦਾ ਕਰਨ ਲਈ ਧੰਨਵਾਦ ਕੀਤਾ।